ਦਿੱਲੀ : ਧੀ ਨਾਲ ਛੇੜਛਾੜ ਦਾ ਵਿਰੋਧ ਕਰਨ ''ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

8/13/2020 3:09:43 PM

ਨਵੀਂ ਦਿੱਲੀ- ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ 'ਚ ਇਕ ਜਨਾਨੀ ਨੇ ਦੋਸ਼ ਲਗਾਇਆ ਹੈ ਕਿ ਛੇੜਛਾੜ ਦਾ ਵਿਰੋਧ ਕਰਨ 'ਤੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ। ਮਨਚਲਿਆਂ ਨੇ ਉਸ ਦੇ ਪਿਤਾ ਦੀ ਲਾਠੀ ਅਤੇ ਬੈਟ ਨਾਲ ਕੁੱਟਮਾਰ ਕੀਤੀ। ਮ੍ਰਿਤਕ ਦਾ ਨਾਂ ਕੁਲਦੀਪ ਕਾਤਿਆਲ (50) ਹੈ। ਕੁਲਦੀਪ ਦੀ ਧੀ ਅਨੁਸਾਰ, ਉਹ ਵਿਆਹੁਤਾ ਹੈ ਅਤੇ ਆਪਣੇ ਪਤੀ ਅਤੇ ਬੱਚਿਆਂ ਨਾਲ ਬੁਰਾੜੀ 'ਚ ਪਿਤਾ ਦੇ ਘਰ ਕੋਲ ਹੀ ਰਹਿੰਦੀ ਹੈ। ਜਨਾਨੀ ਨੇ ਕਿਹਾ,''ਗੁਆਂਢ ਦਾ ਇਕ ਮੁੰਡਾ ਹਰ ਰੋਜ਼ ਬਾਈਕ 'ਤੇ ਨਿਕਲਦਾ ਹੈ ਅਤੇ ਜੇਕਰ ਮੈਂ ਬਾਹਰ ਗੇਟ 'ਤੇ ਖੜ੍ਹੀ ਹੋਵਾਂ ਤਾਂ ਗੰਦੇ ਇਸ਼ਾਰੇ ਕਰਦਾ ਹੈ। ਮੈਂ ਉਸ ਨੂੰ ਇਕ ਵਾਰ ਸਮਝਾਇਆ ਵੀ ਪਰ ਕੱਲ ਯਾਨੀ ਬੁੱਧਵਾਰ ਨੂੰ ਜਦੋਂ ਜਨਮ ਅਸ਼ਟਮੀ ਦੀ ਝਾਂਕੀ ਦੇਖਣ ਲਈ ਬਾਹਰ ਨਿਕਲੀ ਤਾਂ ਉਹ ਮੁੰਡਾ ਫਿਰ ਤੋਂ ਬਾਈਕ 'ਤੇ ਸ਼ਰਾਬ ਪੀ ਕੇ ਆ ਗਿਆ ਅਤੇ ਬਹੁਤ ਹੀ ਗੰਦਾ ਕਮੈਂਟ ਕੀਤਾ।

ਜਨਾਨੀ ਨੇ ਕਿਹਾ,''ਜਦੋਂ ਮੈਂ ਉਸ ਨੂੰ ਮਨ੍ਹਾ ਕੀਤਾ ਤਾਂ ਮੁੰਡਾ ਅਤੇ ਬਾਈਕ ਦੇ ਬੈਠਾ ਇਕ ਸ਼ਖਸ ਮੈਨੂੰ ਗਾਲ੍ਹਾਂ ਕੱਢਣ ਲੱਗੇ। ਇਸ ਦੌਰਾਨ ਮੇਰੇ ਪਤੀ ਵੀ ਆ ਗਏ। ਥੋੜ੍ਹੀ ਦੇਰ 'ਚ ਮੇਰੇ ਪਿਤਾ ਅਤੇ ਭਰਾ ਵੀ ਆ ਗਏ। ਫਿਰ ਮੁੰਡੇ ਨੇ ਫੋਨ ਕਰ ਕੇ ਆਪਣੇ ਪਰਿਵਾਰ ਦੇ 8-10 ਲੋਕਾਂ ਨੂੰ ਬੁਲਾ ਲਿਆ। ਉਨ੍ਹਾਂ ਲੋਕਾਂ ਨੇ ਮੈਨੂੰ ਲਾਠੀ ਮਾਰੀ, ਮੇਰੇ ਪਤੀ ਅਤੇ ਭਰਾ ਨੂੰ ਕੁੱਟਿਆ ਅਤੇ ਫਿਰ ਮੇਰੇ ਪਿਤਾ 'ਤੇ ਲਾਠੀ ਅਤੇ ਬੈਟ ਨਾਲ ਹਮਲਾ ਕਰ ਦਿੱਤਾ। ਪਿਤਾ ਦੇ ਸਿਰ 'ਤੇ ਬੈਟ ਇੰਨੀ ਜ਼ੋਰ ਨਾਲ ਮਾਰਿਆ ਕਿ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਗਏ।'' ਜਨਾਨੀ ਅਨੁਸਾਰ ਪਹਿਲਾਂ ਉਹ ਆਪਣੇ ਪਿਤਾ ਨੂੰ ਲੈ ਕੇ ਬਾਬੂ ਜਗਜੀਵਨ ਰਾਮ ਹਸਪਤਾਲ ਗਈ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਸਫ਼ਦਰਗੰਜ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਇਸ ਮਾਮਲੇ 'ਚ ਉੱਤਰੀ ਦਿੱਲੀ ਦੀ ਡੀ.ਸੀ.ਪੀ. ਮੋਨਿਕਾ ਭਾਰਦਵਾਜ ਦਾ ਕਹਿਣਾ ਹੈ ਕਿ ਵਾਰਦਾਤ ਦੇ ਸਮੇਂ ਪੀ.ਸੀ.ਆਰ. ਕਾਲ ਮਿਲੀ ਸੀ ਕਿ ਕੁੱਤੇ ਬਾਹਰ ਛੱਡਣ ਨੂੰ ਲੈ ਕੇ ਝਗੜਾ ਹੋਇਆ ਹੈ। ਜਨਾਨੀ ਦਾ ਦੋਸ਼ ਹੈ ਕਿ ਉਹ ਕੁੱਤੇ ਨੂੰ ਬਾਹਰ ਛੱਡ ਦਿੰਦੀ ਹੈ, ਇਸ ਲਈ ਉਸ ਦਾ ਗੁਆਂਢੀਆਂ ਨਾਲ ਝਗੜਾ ਹੋਇਆ ਹੈ ਪਰ ਹੁਣ ਮੀਡੀਆ 'ਚ ਜਨਾਨੀ ਨੇ ਬਿਆਨ ਦਿੱਤਾ ਹੈ ਕਿ ਉਸ ਨਾਲ ਛੇੜਛਾੜ ਹੋ ਰਹੀ ਸੀ ਤਾਂ ਉਸ ਦੇ ਇਨ੍ਹਾਂ ਦੋਸ਼ਾਂ ਦੀ ਵੀ ਜਾਂਚ ਹੋਵੇਗੀ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਮੁੱਖ ਦੋਸ਼ੀ ਵਕੁਲ ਸਮੇਤ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ।


DIsha

Content Editor DIsha