ਕੋਵਿਡ-19 : ਮਰੀਜ਼ਾਂ ਲਈ ਰੇਲ ਡੱਬਿਆਂ 'ਚ ਬਣੇ ਆਈਸੋਲੇਸ਼ਨ ਕੋਚਾਂ ਦੀ ਨਹੀਂ ਹੋ ਰਹੀ ਵਰਤੋਂ
Monday, Jun 22, 2020 - 11:44 AM (IST)
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਕੋਵਿਡ-19 ਦੇ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਅਜੇ ਤੱਕ ਇੱਥੇ ਰੇਲ ਡੱਬਿਆਂ ਵਿਚ ਬਣੇ ਆਈਸੋਲੇਸ਼ਨ ਕੋਚਾਂ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ। ਰੇਲਵੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ 500 ਤੋਂ ਜ਼ਿਆਦਾ ਆਈਸੋਲੇਸ਼ਨ ਕੋਚ ਦਿੱਲੀ ਸਰਕਾਰ ਨੂੰ ਸੌਂਪ ਦਿੱਤੇ ਹਨ ਪਰ ਉਨ੍ਹਾਂ ਦਾ ਕਦੋਂ ਇਸਤੇਮਾਲ ਹੋਣਾ ਹੈ, ਉਹ ਸਰਕਾਰ ਹੀ ਤੈਅ ਕਰੇਗੀ।
ਉੱਤਰੀ ਰੇਲਵੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਦਿੱਲੀ ਦੇ 9 ਸਟੇਸ਼ਨਾਂ ਵਿਚ 503 ਡੱਬਿਆਂ ਨੂੰ ਤਾਇਨਾਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ 267 ਡੱਬੇ ਆਨੰਦ ਵਿਹਾਰ ਰੇਲਵੇ ਟਰਮੀਨਲ 'ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਬਾਅਦ ਸ਼ਕੂਰਬਸਤੀ ਵਿਚ 50 ਡੱਬੇ, ਸਰਾਏ ਰੋਹਿੱਲਾ ਵਿਚ 50 ਡੱਬੇ, ਦਿੱਲੀ ਸਫਦਰਜੰਗ ਵਿਚ 21 ਡੱਬੇ, ਦਿੱਲੀ ਸ਼ਾਹਦਰਾ ਵਿਚ 13 ਡੱਬੇ, ਆਦਰਸ਼ ਨਗਰ ਵਿਚ 30 ਡੱਬੇ, ਦਿੱਲੀ ਕੈਂਟ ਰੇਲਵੇ ਸਟੇਸ਼ਨ 'ਤੇ 33 ਡੱਬੇ, ਪਟੇਲ ਨਗਰ ਵਿਚ 26 ਡੱਬੇ ਅਤੇ ਤੁਗਲਕਾਬਾਦ ਵਿਚ 13 ਡੱਬੇ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਡੱਬਿਆਂ ਵਿਚ 8,000 ਤੋਂ ਵੀ ਜ਼ਿਆਦਾ ਮਰੀਜ਼ ਰੱਖੇ ਜਾ ਸੱਕਦੇ ਹਨ।
ਰੇਲਵੇ ਦੇ ਉੱਤਮ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਕੋਚਾਂ ਨੂੰ ਕਿਵੇਂ ਵਰਤਣਾ ਹੈ, ਇਹ ਫੈਸਲਾ ਸੂਬਾ ਸਰਕਾਰ ਲਵੇਗੀ। ਰੇਲਵੇ ਦੀ ਜ਼ਿੰਮੇਦਾਰੀ ਆਈਸੋਲੇਸ਼ਨ ਕੋਚ ਤਿਆਰ ਕਰਨ ਦੀ ਸੀ, ਜੋ ਕਿ ਪੂਰੀ ਹੋ ਚੁੱਕੀ ਹੈ। ਸੂਬਾ ਸਰਕਾਰ ਕੋਲ ਸਾਰੇ ਸਟੇਸ਼ਨਾਂ 'ਤੇ ਤਾਇਨਾਤ ਕੋਚਾਂ ਦੀ ਸੂਚੀ ਭੇਜੀ ਜਾ ਚੁੱਕੀ ਹੈ। ਹੁਣ ਸਰਕਾਰ ਨੇ ਹੀ ਫੈਸਲਾ ਲੈਣਾ ਹੈ ਕਿ ਕਦੋਂ ਤੋਂ ਇਨ੍ਹਾਂ ਆਈਸੋਲੇਸ਼ਨ ਕੋਚਾਂ ਦੀ ਵਰਤੋਂ ਹੋਵੇਗੀ।