ਅਦਾਲਤ ਨੇ ਇੰਜੀਨੀਅਰ ਰਸ਼ੀਦ ਦੀ ਅੰਤਰਿਮ ਜ਼ਮਾਨਤ ਪਟੀਸ਼ਨ ''ਤੇ NIA ਤੋਂ ਮੰਗਿਆ ਜਵਾਬ

06/07/2024 3:50:16 PM

ਨਵੀਂ ਦਿੱਲੀ/ਜੰਮੂ- ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ NIA ਨੂੰ 2016 ਦੇ ਜੰਮੂ-ਕਸ਼ਮੀਰ ਅੱਤਵਾਦ ਵਿੱਤ ਪੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਇੰਜੀਨੀਅਰ ਰਸ਼ੀਦ ਵਲੋਂ ਦਾਇਰ ਇਕ ਅਰਜ਼ੀ 'ਤੇ ਕੱਲ ਤੱਕ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਅਰਜ਼ੀ ਵਿਚ ਰਸ਼ੀਦ ਨੇ ਲੋਕ ਸਭਾ ਚੋਣਾਂ 'ਚ ਜਿੱਤ ਮਗਰੋਂ ਸੰਸਦ ਦੇ ਰੂਪ ਵਿਚ ਸਹੁੰ ਚੁੱਕਣ ਲਈ ਅੰਤਰਿਮ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਸ਼ੀਦ ਨੂੰ ਇੰਜੀਨੀਅਰ ਰਸ਼ੀਦ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਹੈ। ਰਸ਼ੀਦ ਨੇ ਸਹੁੰ ਚੁੱਕਣ ਅਤੇ ਸੰਸਦੀ ਕੰਮ ਕਰਨ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤ ਵਿਚ ਪੈਰੋਲ ਦਿੱਤੇ ਜਾਣ ਦੀ ਬੇਨਤੀ ਕਰਦਿਆਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ।

ਇਹ ਬੇਨਤੀ 4 ਜੂਨ ਨੂੰ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ NIA ਨੂੰ ਅੱਜ ਤੱਕ ਆਪਣਾ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਏਜੰਸੀ ਨੇ ਹਾਲਾਂਕਿ ਜਵਾਬ ਦਾਖ਼ਲ ਕਰਨ ਲਈ ਵੀਰਵਾਰ ਨੂੰ ਹੋਰ ਸਮਾਂ ਮੰਗਿਆ। ਦੱਸ ਦੇਈਏ ਕਿ ਰਸ਼ੀਦ 2019 ਤੋਂ ਜੇਲ੍ਹ ਵਿਚ ਹੈ, ਜਦੋਂ NIA ਨੇ ਉਨ੍ਹਾਂ 'ਤੇ ਅੱਤਵਾਦ ਵਿੱਤ ਪੋਸ਼ਣ ਮਾਮਲੇ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਦੋਸ਼ ਲਾਇਆ ਸੀ। ਉਹ ਫ਼ਿਲਹਾਲ ਤਿਹਾੜ ਜੇਲ੍ਹ ਵਿਚ ਬੰਦ ਹਨ। 


Tanu

Content Editor

Related News