ਸੰਸਦ ਸੈਸ਼ਨ ’ਚ ਭਾਗ ਨਹੀਂ ਲੈ ਸਕਣਗੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ
Monday, Mar 10, 2025 - 10:33 PM (IST)

ਨਵੀਂ ਦਿੱਲੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਬਾਰਾਮੁੱਲਾ ਦੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੀ ਕਸਟਡੀ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ। ਉਨ੍ਹਾਂ ਸੰਸਦ ਸੈਸ਼ਨ ਵਿਚ ਭਾਗ ਲੈਣ ਲਈ ਕਸਟਡੀ ਪੈਰੋਲ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ਨੂੰ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਸ਼ੀਦ ਦੀ ਨਿਯਮਤ ਜ਼ਮਾਨਤ ਪਟੀਸ਼ਨ ’ਤੇ ਹੁਕਮ 19 ਮਾਰਚ ਲਈ ਸੂਚੀਬੱਧ ਕੀਤਾ ਗਿਆ ਹੈ।
3 ਮਾਰਚ ਨੂੰ ਅਦਾਲਤ ਨੇ ਐੱਨ. ਆਈ. ਏ. ਨੂੰ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ, ਜਿਸ ਤੋਂ ਬਾਅਦ ਦਲੀਲਾਂ ਸੁਣਨ ਮਗਰੋਂ ਉਸ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਰਸ਼ੀਦ ਲਈ ਵਕੀਲ ਵਿਖਯਾਤ ਓਬਰਾਏ ਵੱਲੋਂ 27 ਫਰਵਰੀ ਨੂੰ ਦਾਇਰ ਅਰਜ਼ੀ ਵਿਚ ਇਸ ਆਧਾਰ ’ਤੇ ਰਾਹਤ ਦੀ ਮੰਗ ਕੀਤੀ ਗਈ ਸੀ ਕਿ ਰਸ਼ੀਦ ਇਕ ਸੰਸਦ ਮੈਂਬਰ ਹੈ ਅਤੇ ਉਨ੍ਹਾਂ ਨੂੰ ਆਪਣੀ ਜਨਤਕ ਡਿਊਟੀ ਨਿਭਾਉਣ ਲਈ ਆਉਣ ਵਾਲੇ ਸੈਸ਼ਨ ਵਿਚ ਸ਼ਾਮਲ ਹੋਣ ਦੀ ਲੋੜ ਹੈ। ਰਸ਼ੀਦ ਦੀ ਨਿਯਮਤ ਜ਼ਮਾਨਤ ਪਟੀਸ਼ਨ ਇਸ ਸਮੇਂ ਅਦਾਲਤ ਵਿਚ ਵਿਚਾਰ ਅਧੀਨ ਹੈ।