ਤਹੱਵੁਰ ਬੋਲੇਗਾ, ਰਾਜ਼ ਖੋਲ੍ਹੇਗਾ... ਕੋਰਟ ਨੇ NIA ਨੂੰ ਦਿੱਤੀ ਇਸ ਕੰਮ ਦੀ ਮਨਜ਼ੂਰੀ
Thursday, May 01, 2025 - 01:57 PM (IST)

ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ (NIA) ਨੂੰ 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਦੀ ਆਵਾਜ਼ ਅਤੇ ਹੱਥ ਲਿਖਤ ਦੇ ਨਮੂਨੇ ਇਕੱਠੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। NIA ਦੀ ਵਿਸ਼ੇਸ਼ ਅਦਾਲਤ ਦੇ ਜੱਜ ਚੰਦਰ ਜੀਤ ਸਿੰਘ ਨੇ 28 ਅਪ੍ਰੈਲ ਨੂੰ ਰਾਣਾ ਦੀ ਹਿਰਾਸਤ 12 ਦਿਨਾਂ ਲਈ ਵਧਾ ਦਿੱਤੀ ਸੀ। ਉਨ੍ਹਾਂ ਨੇ ਏਜੰਸੀ ਵਲੋਂ ਦਾਇਰ ਅਰਜ਼ੀ 'ਤੇ 30 ਅਪ੍ਰੈਲ ਨੂੰ ਇਹ ਹੁਕਮ ਦਿੱਤਾ ਸੀ।
ਦੱਸ ਦੇਈਏ ਕਿ 26/11 ਦੇ ਮੁੱਖ ਸਾਜ਼ਿਸ਼ਕਰਤਾ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦੇ ਨਜ਼ਦੀਕੀ ਸਹਿਯੋਗੀ ਰਾਣਾ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਰਾਣਾ ਇਕ ਅਮਰੀਕੀ ਨਾਗਰਿਕ ਹੈ ਅਤੇ 4 ਅਪ੍ਰੈਲ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਭਾਰਤ ਹਵਾਲਗੀ ਵਿਰੁੱਧ ਉਸ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ 26 ਨਵੰਬਰ, 2008 ਨੂੰ 10 ਪਾਕਿਸਤਾਨੀ ਅੱਤਵਾਦੀਆਂ ਦੇ ਇਕ ਸਮੂਹ ਨੇ ਸਮੁੰਦਰੀ ਰਸਤੇ ਦੀ ਵਰਤੋਂ ਕਰਕੇ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਘੁਸਪੈਠ ਕਰਨ ਤੋਂ ਬਾਅਦ ਇਕ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਅਤੇ ਇਕ ਯਹੂਦੀ ਕੇਂਦਰ 'ਤੇ ਹਮਲਾ ਕੀਤਾ ਸੀ। ਲਗਭਗ 60 ਘੰਟੇ ਤੱਕ ਚੱਲੇ ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ।