ਦਿੱਲੀ ''ਚ ਕੋਰੋਨਾ ਜਾਂਚ ਦੀ ਨਕਲੀ ਰਿਪੋਰਟ ਬਣਾਉਣ ਵਾਲੇ ਗੈਂਗ ਦਾ ਪਰਦਾਫਾਸ਼, ਡਾਕਟਰ ਸਮੇਤ 2 ਗ੍ਰਿਫ਼ਤਾਰ

09/04/2020 12:53:15 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ ਪੁਲਸ ਨੇ ਕੋਰੋਨਾ ਦੀ ਨਕਲੀ ਰਿਪੋਰਟ ਬਣਾਉਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਪੁਲਸ ਨੇ ਕਾਰਵਾਈ ਕਰਦੇ ਹੋਏ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਨਕਲੀ ਰਿਪੋਰਟ ਬਣਾਉਣ ਦੇ ਦੋਸ਼ 'ਚ ਇਕ ਡਾਕਟਰ ਅਤੇ ਉਸ ਦੇ ਕਰੀਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਡਾਕਟਰ ਦਾ ਨਾਂ ਕੁਸ਼ ਪਰਾਸ਼ਰ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਸ ਨੇ ਰੂਸ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ ਹੈ। ਪੁਲਸ ਅਨੁਸਾਰ ਤਾਂ ਕੁਸ਼ ਪਰਾਸ਼ਰ ਹੁਣ ਤੱਕ 4 ਨਾਮੀ ਟੈਸਟਿੰਗ ਲੈਬ ਦੀਆਂ 75 ਨਕਲੀ ਕੋਵਿਡ-19 ਰਿਪੋਰਟ ਬਣਾ ਚੁੱਕਿਆ ਹੈ।

ਹਰ ਰਿਪੋਰਟ ਲਈ ਲੈਂਦਾ ਸੀ 2400 ਰੁਪਏ
ਇਸ ਗੈਂਗ ਵਿਰੁੱਧ ਦੱਖਣੀ ਦਿੱਲੀ ਸਥਿਤ ਹੌਜ ਖਾਸ ਪੁਲਸ ਥਾਣੇ 'ਚ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਗੈਂਗ ਦਾ ਪਰਦਾਫਾਸ਼ ਕੀਤਾ। ਦੋਸ਼ ਹੈ ਕਿ ਡਾਕਟਰ ਕੁਸ਼ ਪਰਾਸ਼ਰ ਮਰੀਜ਼ਾਂ ਨੂੰ ਆਪਣੇ ਸਹਿਯੋਗੀ ਅਮਿਤ ਸਿੰਘ ਨਾਲ ਮਿਲ ਕੇ ਫਸਾਉਂਦਾ ਸੀ। ਇਸ ਤੋਂ ਬਾਅਦ ਕੋਵਿਡ-19 ਦੀ ਨਕਲੀ ਰਿਪੋਰਟ ਬਣਾਉਂਦਾ ਸੀ। ਪੁਲਸ ਪੁੱਛ-ਗਿੱਛ 'ਚ ਕੁਸ਼ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਹੁਣ ਤੱਕ 75 ਨਕਲੀ ਕੋਵਿਡ ਟੈਸਟ ਰਿਪੋਰਟ ਬਣਾਈਆਂ ਹਨ, ਜੋ ਨਾਮੀ ਜਾਂਚ ਲੈਬ ਦੇ ਨਾਂ 'ਤੇ ਹਨ। ਹਰ ਰਿਪੋਰਟ ਲਈ 2400 ਰੁਪਏ ਲੈਂਦਾ ਸੀ, ਪਾਜ਼ੇਟਿਵ ਜਾਂ ਨੈਗੇਟਿਵ ਰਿਪੋਰਟ ਦੇਣ ਦੇ ਕੋਈ ਕ੍ਰਾਈਟੇਰੀਆ ਨਹੀਂ ਸੀ, ਲੱਛਣ ਦੇਖ ਕੇ ਅੰਦਾਜੇ ਨਾਲ ਰਿਪੋਰਟ ਦੇ ਦਿੰਦਾ ਸੀ।

ਨਰਸਾਂ ਦਾ ਟੈਸਟ ਕਰਵਾਉਣ ਵਾਲੇ ਵਿਅਕਤੀ ਨੂੰ ਭੇਜੀ ਨਕਲੀ ਰਿਪੋਰਟ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਮਾਲਵੀਏ ਨਗਰ ਇਲਾਕੇ 'ਚ ਕਲੀਨਿਕ ਚਲਾਉਣ ਵਾਲਾ ਡਾਕਟਰ ਕੁਸ਼ ਪਰਾਸ਼ਰ ਵੱਡੀਆਂ ਪੈਥਲੈਬਜ਼ ਦੀਆਂ ਨਕਲੀ ਰਿਪੋਰਟ ਤਿਆਰ ਕਰ ਕੇ ਲੋਕਾਂ ਨੂੰ ਦੇ ਦਿੰਦਾ ਸੀ। ਪੁਲਸ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਦੱਖਣੀ ਦਿੱਲੀ 'ਚ ਨਰਸ ਉਪਲੱਬਧ ਕਰਵਾਉਣ ਦਾ ਬਿਜ਼ਨੈੱਸ ਕਰਨ ਵਾਲੇ ਇਕ ਵਿਅਕਤੀ ਨੇ ਡਾਕਟਰ ਕੁਸ਼ ਪਰਾਸਰ ਨਾਲ ਮੁਲਾਕਾਤ ਕਰ ਕੇ ਆਪਣੀਆਂ 2 ਨਰਸਾਂ ਦਾ ਕੋਵਿਡ-19 ਟੈਸਟ ਕਰਵਾਉਣ ਲਈ ਕਿਹਾ। ਇਸ ਦੇ ਬਦਲੇ ਡਾਕਟਰ ਕੁਸ਼ ਨੇ ਪੈਸੇ ਲੈ ਲਏ ਅਤੇ ਸੈਂਪਲ ਵੀ ਇਕੱਠੇ ਕਰਵਾ ਲਏ ਪਰ ਇਹ ਸੈਂਪਲ ਲੈਬ 'ਚ ਭੇਜਣ ਦੀ ਜਗ੍ਹਾ ਡਾਕਟਰ ਕੁਸ਼ ਨੇ ਆਪਣੇ ਸਹਿਯੋਗੀ ਅਮਿਤ ਸਿੰਘ ਦੀ ਮਦਦ ਨਾਲ ਕੋਰੋਨਾ ਦੀ ਨਕਲੀ ਨੈਗੇਟਿਵ ਰਿਪੋਰਟ ਬਣਵਾ ਕੇ ਉਸ ਵਿਅਕਤੀ ਨੂੰ ਭੇਜ ਦਿੱਤੀ।

ਇਸ ਤਰ੍ਹਾਂ ਹੋਇਆ ਧੋਖਾਧੜੀ ਦਾ ਖ਼ੁਲਾਸਾ
ਦਰਅਸਲ ਇਕ ਨਕਲੀ ਰਿਪੋਰਟ ਕੰਪਿਊਟਰ 'ਤੇ ਤਿਆਰ ਕਰਨ ਦੌਰਾਨ ਅਮਿਤ ਤੋਂ ਇਕ ਗਲਤੀ ਹੋ ਗਈ। ਉਸ ਨੇ ਇਕ ਨਰਸ ਦੇ ਨਾਂ 'ਚ ਗੜਬੜੀ ਕਰ ਦਿੱਤੀ। ਇਸ ਤੋਂ ਬਾਅਦ ਪੀੜਤ ਨਾਂ ਠੀਕ ਕਰਵਾਉਣ ਲਈ ਖੁਦ ਲੈਬ 'ਚ ਆ ਗਈ। ਇੱਥੇ ਆ ਕੇ ਉਸ ਨੂੰ ਪਤਾ ਲੱਗਾ ਹੈ ਕਿ ਇਸ ਨਾਂ ਦਾ ਕੋਈ ਵੀ ਮਰੀਜ਼ ਉੱਥੇ ਰਜਿਸਟਰ ਨਹੀਂ ਹੈ ਅਤੇ ਨਾ ਕਦੇ ਉਸ ਦਾ ਟੈਸਟ ਕੀਤਾ ਗਿਆ ਹੈ।


DIsha

Content Editor

Related News