ਦਿੱਲੀ 'ਚ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ ਕੋਰੋਨਾ, ਇਕਜੁੱਟ ਹੋ ਕੇ ਲੜਨਾ ਹੋਵੇਗਾ : ਕੇਜਰੀਵਾਲ

06/10/2020 12:38:11 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਅੱਜ ਯਾਨੀ ਬੁੱਧਵਾਰ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੱਲ ਯਾਨੀ ਮੰਗਲਵਾਰ ਨੂੰ ਮੇਰਾ ਕੋਰੋਨਾ ਵਾਇਰਸ ਦਾ ਟੈਸਟ ਹੋਇਆ ਅਤੇ ਰਿਪੋਰਟ ਨੈਗੇਟਿਵ ਆਈ ਹੈ। ਮੈਂ ਪਿਛਲੇ 2 ਦਿਨਾਂ ਤੋਂ ਕਮਰੇ 'ਚ ਬੰਦ ਸੀ। ਦਿੱਲੀ 'ਚ ਅੱਜ ਕੋਰੋਨਾ ਦੇ 31 ਹਜ਼ਾਰ ਮਾਮਲੇ ਹਨ, ਜਿਨ੍ਹਾਂ 'ਚੋਂ 12 ਹਜ਼ਾਰ ਲੋਕ ਠੀਕ ਹੋ ਚੁਕੇ ਹਨ। ਕੇਜਰੀਵਾਲ ਨੇ ਮੰਨਿਆ ਕਿ ਦਿੱਲੀ 'ਚ ਬਹੁਤ ਤੇਜ਼ੀ ਨਾਲ ਕੋਰੋਨਾ ਫੈਲਣ ਵਾਲਾ ਹੈ। ਕੇਜਰੀਵਾਲ ਨੇ ਕਿਹਾ ਕਿ 18 ਹਜ਼ਾਰ ਲੋਕਾਂ ਦਾ ਇਲਾਜ ਜਾਰੀ ਹੈ। ਇਨ੍ਹਾਂ 'ਚੋਂ 15 ਹਜ਼ਾਰ ਲੋਕ ਆਪਣੇ ਘਰਾਂ 'ਚ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਦਿੱਲੀ 'ਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਹੈ। 15 ਜੂਨ ਨੂੰ 44 ਹਜ਼ਾਰ ਮਾਮਲੇ ਹੋ ਜਾਣਗੇ। ਉਨ੍ਹਾਂ ਕਿਹਾ ਕਿ 31 ਜੁਲਾਈ ਤੱਕ ਸਾਨੂੰ 80 ਹਜ਼ਾਰ ਬੈੱਡ ਦੀ ਲੋੜ ਪਵੇਗੀ।

ਕੋਰੋਨਾ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਬਣਾਉਣਾ ਹੋਵੇਗਾ
ਕੋਰੋਨਾ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਇਸ ਲੜਾਈ ਨੂੰ ਹੁਣ ਜਨ ਅੰਦੋਲਨ ਬਣਾਉਣਾ ਹੋਵੇਗਾ। ਮਾਸਕ ਪਹਿਨਣਾ ਹੋਵੇਗਾ, ਹੱਥ ਧੋਣੇ ਹੋਣਗੇ ਅਤੇ ਸੋਸ਼ਲ ਡਿਸਟੈਂਸਿੰਗ ਕਰਨੀ ਹੋਵੇਗੀ। ਖੁਦ ਵੀ ਇਹ ਪਾਲਣ ਕਰਨਾ ਹੈ ਅਤੇ ਦੂਜਿਆਂ ਤੋਂ ਵੀ ਕਰਵਾਉਣਾ ਹੈ। ਸਾਡੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਦਿੱਲੀ 'ਚ ਸਿਰਫ਼ ਦਿੱਲੀ ਦੇ ਹੀ ਲੋਕਾਂ ਦਾ ਇਲਾਜ ਹੋਵੇਗਾ ਪਰ ਹੁਣ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ, ਇਸ 'ਤੇ ਕੋਈ ਲੜਾਈ ਨਹੀਂ ਕੀਤੀ ਜਾਵੇਗੀ।

ਮੈਂ ਖੁਦ ਸੜਕ 'ਤੇ ਉਤਰਾਂਗਾ
ਕੇਜਰੀਵਾਲ ਨੇ ਕਿਹਾ ਕਿ ਜਿੰਨੇ ਬੈੱਡ ਸਾਨੂੰ ਦਿੱਲੀ ਵਾਲਿਆਂ ਲਈ ਚਾਹੀਦੇ ਹਨ, ਓਨੇ ਹੀ ਸਾਨੂੰ ਬਾਹਰ ਤੋਂ ਆਉਣ ਵਾਲਿਆਂ ਲਈ ਚਾਹੀਦੇ ਹਨ। ਯਾਨੀ ਜੇਕਰ ਦਿੱਲੀ 'ਚ 33 ਹਜ਼ਾਰ ਬੈੱਡ ਦੀ ਜ਼ਰੂਰਤ ਹੋਵੇਗੀ ਤਾਂ ਬਾਹਰੋਂ ਆਉਣ ਵਾਲਿਆਂ ਲਈ ਮਿਲਾ ਕੇ ਕੁਲ 65 ਹਜ਼ਾਰ ਬੈੱਡ ਦੀ ਜ਼ਰੂਰਤ ਹੋਵੇਗੀ। ਕੱਲ-ਪਰਸੋਂ ਤੋਂ ਮੈਂ ਸੜਕ 'ਤੇ ਉਤਰਾਂਗਾ, ਸਟੇਡੀਅਮ-ਬੈਂਕਟ ਹਾਲ ਨੂੰ ਇਸ ਲਈ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਗੁਆਂਢੀ ਸੂਬਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਆਪਣੇ ਇੱਥੇ ਸਹੂਲਤਾਂ ਵਧਾਉਣ। ਮੀਡੀਆ ਰੋਜ਼ ਸਾਨੂੰ ਕਮੀਆਂ ਦੱਸ ਰਿਹਾ ਹੈ ਅਤੇ ਐਪ 'ਚ ਵੀ ਕਮੀ ਦੱਸੀ ਗਈ ਪਰ ਅਸੀਂ ਲਗਾਤਾਰ ਇਨ੍ਹਾਂ ਨੂੰ ਦੂਰ ਕਰ ਰਹੇ ਹਾਂ। ਦਿੱਲੀ 'ਚ ਇਕ ਹਫ਼ਤੇ 'ਚ 1900 ਲੋਕਾਂ ਨੂੰ ਹਸਪਤਾਲ 'ਚ ਬੈੱਡ ਮਿਲਿਆ, ਹਾਲੇ ਵੀ 4200 ਬੈੱਡ ਖਾਲੀ ਹਨ। ਕਰੀਬ 200 ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਵੀ ਆਈਆਂ।

ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ, ਆਪਸ 'ਚ ਲੜਨ ਦਾ ਨਹੀਂ ਹੈ। ਜੇਕਰ ਅਸੀਂ ਲੜਦੇ ਰਹੇ ਤਾਂ ਕੋਰੋਨਾ ਜਿੱਤ ਜਾਵੇਗਾ, ਆਮ ਆਦਮੀ ਕੀ ਸੋਚ ਰਿਹਾ ਹੋਵੇਗਾ ਕਿ ਇਹ ਆਪਸ 'ਚ ਹੀ ਲੜ ਰਹੇ ਹਨ ਅਤੇ ਲੋਕਾਂ ਦੀ ਚਿੰਤਾ ਨਹੀਂ ਹੈ। ਦਿੱਲੀ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ ਅਤੇ ਕੁੱਲ ਮਾਮਲਿਆਂ ਦੀ ਗਿਣਤੀ 31 ਹਜ਼ਾਰ ਦੇ ਪਾਰ ਚੱਲੀ ਗਈ ਹੈ। ਦੂਜੇ ਪਾਸੇ ਹੁਣ ਦਿੱਲੀ 'ਚ ਬੈੱਡ ਅਤੇ ਹਸਪਤਾਲ 'ਚ ਵਿਵਸਥਾ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਹੈ। ਅਜਿਹੇ 'ਚ ਕੇਜਰੀਵਾਲ ਕੀ ਕੁਝ ਕਹਿੰਦੇ ਹਨ, ਇਸ 'ਤੇ ਨਜ਼ਰ ਹੋਵੇਗੀ।


DIsha

Content Editor

Related News