ਮਨਜਿੰਦਰ ਸਿਰਸਾ ਨੇ ਵਾਪਸ ਲਿਆ ਆਪਣਾ ਅਸਤੀਫ਼ਾ, ਬਣੇ ਰਹਿਣਗੇ ਦਿੱਲੀ ਕਮੇਟੀ ਦੇ ਪ੍ਰਧਾਨ
Friday, Dec 31, 2021 - 05:14 PM (IST)
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਭਾਜਪਾ 'ਚ ਸ਼ਾਮਲ ਹੋਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਉਨ੍ਹਾਂ ਨੇ ਤਕਨੀਕੀ ਅਤੇ ਕਾਨੂੰਨੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਵਾਪਸ ਲੈ ਲਿਆ। ਸਿਰਸਾ ਨੇ ਅਸਤੀਫ਼ਾ ਵਾਪਸ ਲੈਣ ਵਾਲੀ ਚਿੱਠੀ 'ਚ ਲਿਖਿਆ,''ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਦੀ ਤਨਖਾਹ 2 ਮਹੀਨਿਆਂ ਤੋਂ ਰੁਕੀ ਹੋਈ ਹੈ। ਇਸ ਤੋਂ ਇਲਾਵਾ ਕਮੇਟੀ ਵਲੋਂ ਸੰਚਾਲਿਤ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਟਾਫ਼ ਦੀ ਵੀ ਤਨਖਾਹ ਰੁਕੀ ਹੈ। ਇਹੀ ਨਹੀਂ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖ਼ਤਰਾ ਹੈ। ਅਜਿਹੇ 'ਚ ਕੰਮ ਸੰਭਾਲਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ।''
ਇਸ ਦੇ ਉਨ੍ਹਾਂ ਨੇ ਲਿਖਿਆ,''ਅਸਤੀਫ਼ੇ ਦੇ ਬਾਅਦ ਪੈਦਾ ਹੋਈ ਤਕਨੀਕੀ ਅਤੇ ਕਾਨੂੰਨੀ ਮੁੱਦਿਆਂ ਦੇ ਹੱਲ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਰੰਤ ਪ੍ਰਭਾਵ ਤੋਂ ਅਸਤੀਫ਼ਾ ਵਾਪਸ ਲੈ ਰਿਹਾ ਹਾਂ।'' ਉਨ੍ਹਾਂ ਲਿਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਟੀਮ ਦੇ ਗਠਨ ਹੋਣ ਤੱਕ ਉਹ ਜ਼ਿੰਮੇਵਾਰੀ ਨੂੰ ਸੰਭਾਲਦੇ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਸਿਰਸਾ ਦੇ ਅਹੁਦੇ 'ਤੇ ਬਣੇ ਰਹਿਣ ਨਾਲ ਭਾਜਪਾ ਦੀ ਸਿੱਖ ਭਾਈਚਾਰੇ ਦਰਮਿਆਨ ਪਕੜ ਮਜ਼ਬੂਤ ਹੋ ਸਕੇਗੀ। ਪੰਜਾਬ ਚੋਣਾਂ ਤੋਂ ਪਹਿਲਾਂ ਸਿਰਸਾ ਦਾ ਭਾਜਪਾ 'ਚ ਸ਼ਾਮਲ ਹੋਣਾ ਅਹਿਮ ਮੰਨਿਆ ਜਾ ਰਿਹਾ ਹੈ। ਉਹ ਅਕਾਲੀ ਦਲ ਦੇ ਵੀ ਨੇਤਾ ਰਹੇ ਹਨ ਅਤੇ ਦਿੱਲੀ 'ਚ ਸਿੱਖਾਂ ਵਿਚਾਲੇ ਉਨ੍ਹਾਂ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ।