ਦਿੱਲੀ ’ਚ ਸਾਰੀਆਂ ਉੱਚੀਆਂ ਇਮਾਰਤਾਂ ’ਤੇ ‘ਐਂਟੀ-ਸਮੌਗ ਗੰਨਜ਼’ ਲਾਉਣਾ ਲਾਜ਼ਮੀ
Saturday, May 31, 2025 - 12:22 AM (IST)

ਨਵੀਂ ਦਿੱਲੀ– ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਦੇ ਪੱਧਰ ਨਾਲ ਨਜਿੱਠਣ ਲਈ ਸਾਰੀਆਂ ਉੱਚੀਆਂ ਕਾਰੋਬਾਰੀ, ਸੰਸਥਾਗਤ ਤੇ ਮਹਿਮਾਨਨਿਵਾਜ਼ੀ ਸਬੰਧੀ ਇਮਾਰਤਾਂ ’ਚ ‘ਐਂਟੀ-ਸਮੌਗ ਗੰਨਜ਼’ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਇਕ ਅਧਿਕਾਰਤ ਹੁਕਮ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਚੌਗਿਰਦਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਐਂਟੀ-ਸਮੌਗ ਗੰਨਜ਼’ ਦੀ ਗਿਣਤੀ ਇਮਾਰਤ ਦੇ ਖੇਤਰਫਲ ’ਤੇ ਨਿਰਭਰ ਕਰੇਗੀ।
ਉਨ੍ਹਾਂ ਕਿਹਾ ਕਿ 10,000 ਵਰਗ ਮੀਟਰ ਤੋਂ ਘੱਟ ਨਿਰਮਾਣ ਖੇਤਰ ਵਾਲੀਆਂ ਇਮਾਰਤਾਂ ਲਈ ਘੱਟੋ-ਘੱਟ 3 ‘ਐਂਟੀ-ਸਮੌਗ ਗੰਨਜ਼’ ਦੀ ਲੋੜ ਪਵੇਗੀ। ਇਹ ਗਿਣਤੀ ਹੌਲੀ-ਹੌਲੀ ਵਧਦੀ ਜਾਵੇਗੀ ਅਤੇ 25,000 ਵਰਗ ਮੀਟਰ ਤੋਂ ਅੱਗੇ ਹਰ 5,000 ਵਰਗ ਮੀਟਰ ਲਈ ਇਕ ਵਾਧੂ ਗੰਨ ਦੀ ਲੋੜ ਪਵੇਗੀ। ਉਨ੍ਹਾਂ ਇਸ ਬਾਰੇ ਸਪਸ਼ਟ ਕਰਦੇ ਹੋਏ ਕਿਹਾ ਕਿ 10,001 ਤੋਂ 15,000 ਵਰਗ ਮੀਟਰ ਤਕ ਦੇ ਨਿਰਮਾਣ ਵਾਲੇ ਖੇਤਰ ’ਚ ਇਮਾਰਤਾਂ ਲਈ ਘੱਟੋ-ਘੱਟ 4 ‘ਐਂਟੀ-ਸਮੌਗ ਗੰਨਜ਼’ ਦੀ ਲੋੜ ਪਵੇਗੀ।