ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪੁੱਜੇ ਸਾਬਕਾ ਸੀ. ਐੱਮ. ਅਮਰਿੰਦਰ ਸਿੰਘ
Monday, Dec 27, 2021 - 12:36 PM (IST)
ਨਵੀਂ ਦਿੱਲੀ— ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਯਾਨੀ ਕਿ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਕੈਪਟਨ ਨੇ ਸ਼ਾਹ ਦੇ ਨਾਲ ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਇੱਥੇ ਮੁਲਾਕਾਤ ਕੀਤੀ। ਬੈਠਕ ਸ਼ਾਹ ਦੇ ਨਿਵਾਸ ’ਤੇ ਜਾਰੀ ਹੈ, ਜਿੱਥੇ ਤਿੰਨੋਂ ਆਗੂ ਮੌਜੂਦ ਹਨ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਵਿਚਾਲੇ ਇਹ ਮੁਲਾਕਾਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਹੋ ਰਹੀ ਹੈ। ਮੰਨਿਆ ਜਾ ਕੈਪਟਨ ਭਾਜਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕਰ ਸਕਦੇ ਹਨ। ਭਾਜਪਾ ਨੇ ਐਲਾਨ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗਠਜੋੜ ’ਚ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ।
ਕੈਪਟਨ ਪੰਜਾਬ ਚੋਣਾਂ ਲਈ ਇਕ ਰਣਨੀਤੀ ਤਿਆਰ ਕਰਨ ਦੇ ਸਿਲਸਿਲੇ ਵਿਚ ਭਾਜਪਾ ਦੇ ਵੱਖ-ਵੱਖ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਸਮਝਿਆ ਜਾਂਦਾ ਹੈ ਕਿ ਦੋਵੇਂ ਪਾਰਟੀਆਂ ਅਕਾਲੀ ਦਲ ਦੀਆਂ ਵੱਖ-ਵੱਖ ਸ਼ਖਾਵਾਂ ਨੂੰ ਨਾਲ ਲੈ ਕੇ
ਇਕ ਵੱਡਾ ਗਠਜੋੜ ਬਣਾਉਣਗੀਆਂ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ’ਚ ਕੁੱਲ 117 ਸੀਟਾਂ ਹਨ। ਇਨ੍ਹਾਂ 117 ਮੈਂਬਰੀ ਪੰਜਾਬ ਵਿਧਾਨ ਸਭਾ ਲਈ ਅਗਲੇ ਸਾਲ ਚੋਣਾਂ ਹੋਣੀਆਂ ਹਨ। ਭਾਜਪਾ, ਪੰਜਾਬ ਲੋਕ ਕਾਂਗਰਸ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 2022 ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸੱਤਾ ਸੰਘਰਸ਼ ਦਰਮਿਆਨ ਇਸ ਸਾਲ ਸਤੰਬਰ ਮਹੀਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ।