ਦਿੱਲੀ Blast: ਇੰਨਾ ਜ਼ੋਰਦਾਰ ਸੀ ਧਮਾਕਾ ਕਿ ਦਰੱਖਤ ''ਤੇ ਲਟਕੀ ਮਿਲੀ ਲਾਸ਼!
Tuesday, Nov 11, 2025 - 03:23 PM (IST)
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੋਮਵਾਰ ਸ਼ਾਮ ਨੂੰ ਹੋਏ ਭਿਆਨਕ ਧਮਾਕੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਧਮਾਕਾ 10 ਨਵੰਬਰ 2025 ਨੂੰ ਸ਼ਾਮ ਕਰੀਬ 6.55 ਵਜੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਨੇੜੇ ਇੱਕ ਹੁੰਡਈ i20 ਕਾਰ 'ਚ ਹੋਇਆ ਸੀ। ਜਾਂਚ ਏਜੰਸੀਆਂ ਦੇ ਅਨੁਸਾਰ, ਇਸ ਦੀ ਤੀਬਰਤਾ 5-10 ਕਿਲੋ ਵਿਸਫੋਟਕ ਦੇ ਬਰਾਬਰ ਸੀ।
ਦਰੱਖਤ 'ਤੇ ਲਟਕੀ ਮਿਲੀ ਲਾਸ਼
ਧਮਾਕੇ ਦਾ ਅਸਰ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਵੱਡੀ ਤਬਾਹੀ ਹੋਈ ਅਤੇ ਮਰਨ ਵਾਲੇ ਨਿਰਦੋਸ਼ ਲੋਕਾਂ ਦੀ ਗਿਣਤੀ 8 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ। ਜਾਂਚ ਏਜੰਸੀਆਂ ਲਈ ਸਭ ਤੋਂ ਹੈਰਾਨ ਕਰਨ ਵਾਲਾ ਵਾਕਿਆ ਇਹ ਸੀ ਕਿ ਧਮਾਕੇ ਦੇ ਅਸਰ ਨਾਲ ਇੱਕ ਵਿਅਕਤੀ ਦਾ ਸ਼ਰੀਰ ਹਵਾ ਵਿੱਚ ਉੱਛਲਿਆ ਅਤੇ ਨੇੜੇ ਦੇ ਇੱਕ ਦਰੱਖਤ ਨਾਲ ਲਟਕਿਆ ਮਿਲਿਆ।
ਜਾਂਚ ਏਜੰਸੀਆਂ ਨੇ ਦੱਸਿਆ ਕਿ ਇਹ ਦਰੱਖਤ 'ਤੇ ਲਟਕੀ ਹੋਈ ਲਾਸ਼ ਉਨ੍ਹਾਂ 10 ਮੌਤਾਂ ਵਿੱਚੋਂ ਇੱਕ ਹੈ। ਜਾਂਚ ਏਜੰਸੀਆਂ ਨੂੰ ਇਸ ਵਿਅਕਤੀ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ, ਪਰ ਅੱਜ ਸਵੇਰੇ ਜਦੋਂ ਏਜੰਸੀਆਂ ਘਟਨਾ ਵਾਲੀ ਥਾਂ 'ਤੇ ਸਬੂਤ ਇਕੱਠੇ ਕਰ ਰਹੀਆਂ ਸਨ, ਤਾਂ ਉਨ੍ਹਾਂ ਦੀ ਨਜ਼ਰ ਦਰੱਖਤ 'ਤੇ ਪਈ। ਇਸ ਲਾਸ਼ ਨੂੰ ਬਾਅਦ ਵਿੱਚ ਹੇਠਾਂ ਉਤਾਰਿਆ ਗਿਆ ਅਤੇ ਹੁਣ ਏਜੰਸੀਆਂ ਇਸ ਸ਼ਖਸ ਦੀ ਪਛਾਣ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਚਸ਼ਮਦੀਦਾਂ ਨੇ ਦੱਸਿਆ 'ਭੂਚਾਲ' ਵਰਗਾ ਸੀ ਧਮਾਕਾ
ਧਮਾਕੇ ਕਾਰਨ ਆਸ-ਪਾਸ ਦੀਆਂ ਕਈ ਗੱਡੀਆਂ ਇਸ ਦੀ ਲਪੇਟ ਵਿੱਚ ਆ ਗਈਆਂ ਅਤੇ ਇੱਥੇ ਅੱਗ ਲੱਗ ਗਈ। ਧਮਾਕੇ ਕਾਰਨ 50 ਮੀਟਰ ਦੀ ਦੂਰੀ ਤੱਕ ਕੰਕਰੀਟ ਫਟ ਗਿਆ ਤੇ ਗੱਡੀਆਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ। ਮੈਟਰੋ ਸਟੇਸ਼ਨ ਤੇ ਮੰਦਰ ਦੇ ਸ਼ੀਸ਼ੇ ਵੀ ਟੁੱਟ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਤੇਜ਼ ਰੋਸ਼ਨੀ ਅਤੇ ਧਮਾਕੇ ਦੀ ਗਰਜ ਨਾਲ ਇਲਾਕਾ ਕੰਬ ਉੱਠਿਆ ਅਤੇ ਇਹ ਇੱਕਦਮ ਭੂਚਾਲ ਵਰਗਾ ਸੀ। ਧਮਾਕੇ ਤੋਂ ਬਾਅਦ ਪੀੜਤਾਂ ਦੇ ਸਿਰ ਅਤੇ ਅੰਗਾਂ ਦੇ ਟੁਕੜੇ ਸੜਕ 'ਤੇ ਖਿਲਰੇ ਹੋਏ ਅਤੇ ਲਾਸ਼ਾਂ ਸੜ ਕੇ ਕਾਲੀਆਂ ਹੋਈਆਂ ਮਿਲੀਆਂ।
NIA ਨੂੰ ਸੌਂਪੀ ਗਈ ਜਾਂਚ
ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ 'ਚ ਚੱਲ ਰਿਹਾ ਹੈ। ਇਸ ਦੌਰਾਨ, ਗ੍ਰਹਿ ਮੰਤਰਾਲੇ ਨੇ ਇਸ ਕੇਸ ਦੀ ਜਾਂਚ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੂੰ ਸੌਂਪ ਦਿੱਤੀ ਹੈ।
