ਬੰਗਲਾਦੇਸ਼ੀਆਂ ਦੀ ਗੈਰ-ਕਾਨੂੰਨੀ ਘੁਸਪੈਠ ਕਰਵਾਉਣ ਵਾਲੇ 11 ਵਿਅਕਤੀ ਗ੍ਰਿਫਤਾਰ
Wednesday, Dec 25, 2024 - 01:03 AM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਬੰਗਲਾਦੇਸ਼ੀ ਨਾਗਰਿਕਾਂ ਦੀ ਗੈਰ-ਕਾਨੂੰਨੀ ਘੁਸਪੈਠ ਕਰਵਾਉਣ ’ਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਮੰਗਲਵਾਰ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 11 ਵਿਅਕਤੀਆਂ ’ਚੋਂ 4 ਬੰਗਲਾਦੇਸ਼ੀ ਨਾਗਰਿਕ ਹਨ। ਉਹ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਬਣਾਉਣ ’ਚ ਸ਼ਾਮਲ ਪਾਏ ਗਏ ਹਨ।
ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਅੰਕਿਤ ਚੌਹਾਨ ਨੇ ਕਿਹਾ ਕਿ ਸਾਡੀ ਟੀਮ ਨੇ 21 ਅਕਤੂਬਰ ਨੂੰ ਸੰਗਮ ਵਿਹਾਰ ’ਚ ਹੋਏ ਕਤਲ ਦੇ ਇਕ ਮਾਮਲੇ ’ਚ 4 ਵਿਅਕਤੀਆਂ ਦਾ ਪਤਾ ਲਾਇਆ, ਜਿਸ ਤੋਂ ਬਾਅਦ ਗਿਰੋਹ ਦਾ ਪਤਾ ਲੱਗਾ।
ਬੰਗਲਾਦੇਸ਼ੀ ਨਾਗਰਿਕਾਂ ਮਿਦੁਲ ਮੀਆਂ ਉਰਫ ਆਕਾਸ਼ ਅਹਿਮਦ ਤੇ ਫਰਦੀਨ ਅਹਿਮਦ ਉਰਫ ਅਭੀ ਅਹਿਮਦ ਨੂੰ ਸੈਂਟੂ ਸ਼ੇਖ ਉਰਫ ਰਾਜਾ ਦੀ ਹੱਤਿਆ ਦੇ ਮਾਮਲੇ ’ਚ ਉਨ੍ਹਾਂ ਦੀਆਂ ਪਤਨੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਸੈਂਟੂ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ’ਤੇ ਧਮਕੀਆਂ ਦਿੰਦਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋਏ ਸਨ ਤੇ ਕਈ ਸਾਲਾਂ ਤੋਂ ਸੰਗਮ ਵਿਹਾਰ ’ਚ ਰਹਿ ਰਹੇ ਸਨ।
ਉਨ੍ਹਾਂ ਕੋਲੋਂ ਬੰਗਲਾਦੇਸ਼ ਦੇ ਪਛਾਣ ਪੱਤਰ ਤੇ ਜਨਮ ਸਰਟੀਫਿਕੇਟ ਮਿਲੇ ਹਨ।
ਪੀੜਤ ਦੇ ਘਰੋਂ ਕਰੀਬ 21 ਆਧਾਰ ਕਾਰਡ, 4 ਵੋਟਰ ਆਈ. ਡੀ. ਕਾਰਡ ਤੇ 8 ਪੈਨ ਕਾਰਡ ਵੀ ਬਰਾਮਦ ਹੋਏ ਹਨ। ਚੌਹਾਨ ਨੇ ਦੱਸਿਆ ਕਿ ਜਾਂਚ ਲਈ ਨਵੀਂ ਟੀਮ ਬਣਾਈ ਗਈ ਸੀ ਜਿਸ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ।