ਦਿੱਲੀ ਚੋਣਾਂ 2025: 70 ਸੀਟਾਂ ''ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ ਇੰਨੇ ਫ਼ੀਸਦੀ ਪਈਆਂ ਵੋਟਾਂ
Wednesday, Feb 05, 2025 - 10:27 AM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੁੱਧਵਾਰ ਯਾਨੀ ਕਿ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਰਾਸ਼ਟਰੀ ਰਾਜਧਾਨੀ ਵਿਚ ਪਹਿਲੇ ਸ਼ੁਰੂਆਤੀ ਦੋ ਘੰਟਿਆਂ (9 ਵਜੇ ਤੱਕ) 8.10 ਫ਼ੀਸਦੀ ਵੋਟਾਂ ਪਈਆਂ। ਦਿੱਲੀ ਵਿਧਾਨ ਸਭਾ ਚੋਣਾਂ ਵਿਚ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਕਰਨਗੇ ਅਤੇ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 8 ਫਰਵਰੀ ਨੂੰ ਹੋਵੇਗਾ। ਇਹ ਚੋਣ ਤਿੰਨ ਵੱਡੀਆਂ ਪਾਰਟੀਆਂ- ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਪਾਰਟੀ ਵਿਚਕਾਰ ਹੈ।
ਰਾਸ਼ਟਰੀ ਰਾਜਧਾਨੀ 'ਚ ਸਵੇਰੇ 9 ਵਜੇ ਤੱਕ ਮੁਸਤਫਾਬਾਦ ਸੀਟ 'ਤੇ ਸਭ ਤੋਂ ਜ਼ਿਆਦਾ 12.43 ਫੀਸਦੀ ਵੋਟਾਂ ਪਈਆਂ, ਜਦਕਿ ਚਾਂਦਨੀ ਚੌਕ ਸੀਟ 'ਤੇ ਸਭ ਤੋਂ ਘੱਟ 4.53 ਫੀਸਦੀ ਵੋਟਿੰਗ ਹੋਈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਦੇਸ਼ ਦੇ ਦੋ ਸੂਬਿਆਂ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। 9 ਵਜੇ ਤੱਕ ਤਾਮਿਲਨਾਡੂ ਦੇ ਇਰੋਡ (ਪੂਰਬੀ) 'ਚ 10.95 ਫੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਮਿਲਕੀਪੁਰ ਵਿਧਾਨ ਸਭਾ ਸੀਟ 'ਤੇ 13.34 ਫੀਸਦੀ ਵੋਟਿੰਗ ਹੋਈ।
ਰਾਜਧਾਨੀ ਦੇ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ 'ਤੇ ਸਵੇਰ ਤੋਂ ਹੀ ਵੋਟਰ ਵੋਟ ਪਾਉਂਦੇ ਦੇਖੇ ਗਏ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਉਪ ਰਾਜਪਾਲ ਵੀ.ਕੇ.ਸਕਸੈਨਾ, ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਵੱਡੀ ਗਿਣਤੀ ਵਿਚ ਵੋਟ ਪਾਉਣ।