ਖੇਤੀਬਾੜੀ ਬਿੱਲਾਂ ਨੂੰ ਰਾਜ ਸਭਾ ''ਚ ਬਿਨਾਂ ਵੋਟ ਵੰਡ ਦੇ ਕਰਵਾਇਆ ਗਿਆ ਪਾਸ : ਕੇਜਰੀਵਾਲ
Tuesday, Sep 22, 2020 - 04:34 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ 'ਖਤਰਨਾਕ' ਖੇਤੀਬਾੜੀ ਬਿੱਲਾਂ ਨੂੰ ਰਾਜ ਸਭਾ 'ਚ ਬਿਨਾਂ ਵੋਟ ਵੰਡ ਦੇ ਪਾਸ ਕਰਵਾਇਆ ਗਿਆ। ਇਸ ਦੇ ਨਾਲ ਹੀ ਕੇਜਰੀਵਾਲ ਨੇ 8 ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਸ਼ਲਾਘਾ ਕੀਤੀ। ਸੰਸਦ ਦੇ ਉੱਚ ਸਦਨ 'ਚ ਖੇਤੀਬਾੜੀ ਬਿੱਲ ਪਾਸ ਹੋਣ ਦੌਰਾਨ 'ਬਦਸਲੂਕੀ' ਕਰਨ ਲਈ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸਮੇਤ ਰਾਜ ਸਭਾ ਦੇ 8 ਮੈਂਬਰਾਂ ਨੂੰ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਸਿੰਘ ਤੋਂ ਇਲਾਵਾ ਤ੍ਰਿਣਮੂਲ ਦੇ ਡੇਰੇਕ ਓ ਬ੍ਰਾਇਨ, ਕਾਂਗਰਸ ਦੇ ਰਾਜੀਵ ਸਾਤਵ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਏ. ਕਰੀਮ ਅਤੇ ਕੇ.ਕੇ. ਰਾਗੇਸ਼, ਕਾਂਗਰਸ ਦੇ ਸਈਅਦ ਨਜੀਰ ਹੁਸੈਨ ਅਤੇ ਰਿਪੁਨ ਬੋਰੇਨ ਅਤੇ ਤ੍ਰਿਣਮੂਲ ਦੇ ਡੋਲਾ ਸੇਨ ਨੂੰ ਮੁਅੱਤਲ ਕੀਤਾ ਗਿਆ ਸੀ।
ਕੇਜਰੀਵਾਲ ਨੇ ਕਿਹਾ ਕਿ ਇਹ 8 ਸੰਸਦ ਮੈਂਬਰ, ਸੰਸਦ ਕੰਪਲੈਕਸ 'ਚ ਗਰਮੀ, ਮੱਛਰ ਅਤੇ ਹੋਰ ਅਸਹੂਲਤਾਵਾਂ ਦੀ ਪਰਵਾਹ ਨਾ ਕਰਦੇ ਹੋਏ ਕਿਸਾਨਾਂ ਦੇ ਹੱਕ ਲਈ ਲੜ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ,''ਉਹ ਆਪਣੇ ਲਈ ਕੁਝ ਨਹੀਂ ਮੰਗ ਰਹੇ। ਉਹ ਜਨਤੰਤਰ ਅਤੇ ਸੰਵਿਧਾਨ ਲਈ ਲੜ ਰਹੇ ਹਨ। ਉਹ ਦੇਸ਼ ਦੇ ਕਿਸਾਨਾਂ ਲਈ ਸੰਘਰਸ਼ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਕਹਿ ਰਹੇ ਹਨ ਕਿ ਇਹ ਕਾਨੂੰਨ ਉਨ੍ਹਾਂ ਨੂੰ ਖਤਮ ਕਰ ਦੇਵੇਗਾ। ਕੇਜਰੀਵਾਲ ਨੇ ਟਵੀਟ ਕੀਤਾ,''ਇੰਨੇ ਖਤਰਨਾਕ ਕਾਨੂੰਨਾਂ ਨੂੰ ਬਿਨਾਂ ਵੋਟਿੰਗ ਕਰਵਾਏ ਸੰਸਦ ਤੋਂ ਪਾਸ ਐਲਾਨ ਕਰ ਦਿੱਤਾ? ਫਿਰ ਸੰਸਦ ਦਾ ਕੀ ਮਤਲਬ, ਚੋਣਾਂ ਦਾ ਕੀ ਮਤਲਬ? ਜੇਕਰ ਇਸੇ ਤਰ੍ਹਾਂ ਕਾਨੂੰਨ ਪਾਸ ਕਰਵਾਉਣੇ ਹਨ ਤਾਂ ਸੰਸਦ ਸੈਸ਼ਨ ਕਿਉਂ ਬੁਲਾਉਂਦੇ ਹੋ?''