ਦਿੱਲੀ : ਹੈੱਡ ਕਾਂਸਟੇਬਲ ਕੋਰੋਨਾ ਪਾਜ਼ੀਟਿਵ, 11 ਹੋਰ ਪੁਲਸ ਮੁਲਾਜ਼ਮ ''ਕੁਆਰੰਟੀਨ''

04/25/2020 11:35:01 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ 'ਚ ਲੱਗੇ ਕੋਰੋਨਾ ਯੋਧੇ ਵੀ ਇਸ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਦਿੱਲੀ ਦੇ ਅਲੀਪੁਰ ਥਾਣੇ ਵਿਚ ਇਕ ਹੈੱਡ ਕਾਂਸਟੇਬਲ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਕਾਰਨ ਇਸ ਥਾਣੇ ਦੇ 11 ਹੋਰ ਪੁਲਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦਿੱਲੀ ਪੁਲਸ ਮੁਲਾਜ਼ਮਾਂ 'ਚ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਪੁਲਸ ਕਮਿਸ਼ਨਰ ਐੱਸ. ਐੱਨ. ਸ਼੍ਰੀਵਾਸਤਵ ਨੇ 6 ਮੈਂਬਰੀ ਕਮੇਟੀਆਂ ਬਣਾਈਆਂ ਹਨ। ਹਰ ਕਮੇਟੀ ਨੂੰ ਦਿੱਲੀ ਪੁਲਸ ਦੇ ਵੱਡੇ ਅਫਸਰ ਦੇਖਣਗੇ।

ਇਹ ਕਮੇਟੀਆਂ ਦਿੱਲੀ ਦੀਆਂ ਸਾਰੀਆਂ ਰੇਂਜ 'ਚ ਪੁਲਸ ਥਾਣਿਆਂ, ਕਾਲੋਨੀਆਂ ਵਿਚ ਜਾ ਕੇ ਅਤੇ ਫੀਲਡ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਕੋਰੋਨਾ ਨਾਲ ਪੁਲਸ ਮੁਲਾਜ਼ਮਾਂ ਨੂੰ ਬਚਾਉਣ ਦੇ ਉਪਾਅ ਕਰਨਗੀਆਂ। ਕਮੇਟੀ ਦੇ ਸਾਰੇ 6 ਅਧਿਕਾਰੀ ਹਰ ਰੋਜ਼ ਦਿੱਲੀ ਪੁਲਸ ਕਮਿਸ਼ਨਰ ਨੂੰ ਰਿਪੋਰਟ ਦੇਣਗੇ। ਜੋ ਪੁਲਸ ਮੁਲਾਜ਼ਮ ਕੋਰੋਨਾ ਨਾਲ ਲੜਨ ਅਤੇ ਖੁਦ ਨੂੰ ਬਚਾਉਣ ਲਈ ਚੰਗੇ ਉਪਾਅ ਕਰਨਗੇ, ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਹਸਪਤਾਲਾਂ 'ਚ ਡਾਕਟਰਾਂ ਮਰੀਜ਼ਾਂ ਲਈ ਦੇਵਦੂਤ ਬਣੇ ਹੋਏ ਹਨ, ਉੱਥੇ ਹੀ ਪੁਲਸ ਵੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਭਾਰਤ 'ਚ ਇਸ ਜਾਨਲੇਵਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 24,506 ਹੋ ਗਈ ਹੈ ਅਤੇ 775 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1429 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 57 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਮੁਤਾਬਕ 5,063 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ।


Tanu

Content Editor

Related News