ਦਿੱਲੀ ਦੀ ਸਾਫ਼ ਹਵਾ ਵਾਪਸ ਲਿਆਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ : ਮਨਜਿੰਦਰ ਸਿਰਸਾ
Saturday, Jul 19, 2025 - 05:42 PM (IST)

ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੀ ਹਰਿਆਲੀ ਅਤੇ ਸਾਫ਼ ਹਵਾ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ। ਚੀਫ਼ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਅੱਜ ਸੁਪਰੀਮ ਕੋਰਟ ਦੇ 20 ਜੱਜਾਂ ਨਾਲ ਦਿੱਲੀ ਸਰਕਾਰ ਦੇ 'ਵਨ ਮਹਾਉਤਸਵ 2025' ਦੇ ਅਧੀਨ ਪੀਬੀਜੀ ਗਰਾਊਂਡ, ਦਿੱਲੀ ਰਿਜ ਖੇਤਰ 'ਚ ਆਯੋਜਿਤ ਰੁੱਖ ਲਗਾਉਣ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਸਾਥੀ ਦਿੱਲੀ ਦੇ ਵਾਤਾਵਰਣ ਮੰਤਰੀ ਵੀ ਮੌਜੂਦ ਸਨ।
ਇਸ ਮੌਕੇ ਚੀਫ਼ ਜਸਟਿਸ ਨੇ ਦਿੱਲੀ ਸਰਕਾਰ ਦੇ ਪ੍ਰਦੂਸ਼ਣ ਨੂੰ ਲੈ ਕੇ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ,''ਅਕਤੂਬਰ ਆਉਂਦੇ ਹੀ ਸਾਰਿਆਂ ਨੂੰ ਚਿੰਤਾ ਹੋਣ ਲੱਗਦੀ ਹੈ। ਵਿਕਾਸ ਜ਼ਰੂਰੀ ਹੈ ਪਰ ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਇਹ ਕਿਹੜੀ ਕੀਮਤ 'ਤੇ ਹੋ ਰਿਹਾ ਹੈ। ਜੰਗਲ ਸਾਡੀ ਧਰੋਹਰ ਹਨ। ਇਹ ਸਿਰਫ਼ ਸਾਡੇ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਹਨ। ਇਹ ਦਿੱਲੀ 'ਚ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੁਪਰੀਮ ਕੋਰਟ ਨੇ ਵੀ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਹੈ ਅਤੇ ਦਿੱਲੀ 'ਚ ਪ੍ਰਦੂਸ਼ਣ ਨੂੰ ਲੈ ਕੇ ਕਈ ਅਹਿਮ ਸੁਝਾਅ ਦਿੱਤੇ ਹਨ।'' ਸ਼੍ਰੀ ਸਿਰਸਾ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਏਕ ਪੇੜ ਮਾਂ ਕੇ ਨਾਂ' ਮੁਹਿੰਮ ਦੇ ਅਧੀਨ ਚੀਫ਼ ਜਸਟਿਸ ਅਤੇ ਜੱਜਾਂ ਦੀ ਮੌਜੂਦਗੀ ਇਹ ਸੰਦੇਸ਼ ਦਿੰਦੀ ਹੈ ਕਿ ਦਿੱਲੀ ਦੀ ਹਰਿਆਲੀ ਅਤੇ ਸਾਫ਼ ਹਵਾ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ।''