ਬੱਚਿਆਂ ਲਈ ਜਾਨਲੇਵਾ ਹੈ ਦਿੱਲੀ ਦੀ ਜ਼ਹਿਰੀਲੀ ਹਵਾ
Saturday, Nov 03, 2018 - 09:18 AM (IST)
ਨਵੀਂ ਦਿੱਲੀ– ਦਿੱਲੀ-ਐੱਨ. ਸੀ. ਆਰ. ਦੀ ਜ਼ਹਿਰੀਲੀ ਅਤੇ ਸਾਹ ਘੋਟੂ ਹਵਾ ਬੱਚਿਆਂ ਦੀ ਜਾਨ ਲੈ ਰਹੀ ਹੈ। ਡਬਲਯੂ. ਐੱਚ. ਓ. ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਛੋਟੇ ਬੱਚਿਆਂ ਲਈ ਜਾਨਲੇਵਾ ਜ਼ਰੂਰ ਹੋ ਸਕਦਾ ਹੈ, ਕਿਉਂਕਿ ਭਾਰਤ ਵਰਗੇ ਦੇਸ਼ 'ਚ ਅੱਜ ਵੀ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਨਿਮੋਨੀਆ ਹੈ ਅਤੇ ਨਿਮੋਨੀਆ ਹੋਣ ਦਾ ਇਕ ਕਾਰਨ ਪ੍ਰਦੂਸ਼ਣ ਵੀ ਹੈ।
ਬੱਚਿਆਂ 'ਤੇ ਪ੍ਰਦੂਸ਼ਣ ਦਾ ਅਸਰ ਸਭ ਤੋਂ ਵੱਧ
ਹਾਰਟ ਮਾਹਰ ਅਤੇ ਆਈ. ਐੱਮ. ਏ. ਦੇ ਸਾਬਕਾ ਪ੍ਰੈਜ਼ੀਡੈਂਟ ਡਾਕਟਰ ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਜਦੋਂ ਹਵਾ 'ਚ ਮੌਜੂਦ ਪ੍ਰਦੂਸ਼ਣ ਦੇ ਕਣ ਇੰਨੇ ਜ਼ਿਆਦਾ ਹੋ ਜਾਣ ਕਿ ਹਰ ਸਾਹ 'ਚ ਸਾਹ ਫੁੱਲਣ ਲੱਗੇ ਤਾਂ ਜਾਨ 'ਤੇ ਖਤਰਾ ਬਣ ਹੀ ਜਾਂਦਾ ਹੈ। ਜੇ ਛੋਟੇ ਬੱਚੇ ਲਗਾਤਾਰ ਇਸ ਹਵਾ 'ਚ ਸਾਹ ਲੈਣਗੇ ਤਾਂ ਮੌਤ ਦਾ ਖਤਰਾ ਹੋ ਸਕਦਾ ਹੈ। ਇਸ ਬਾਰੇ ਮਣੀਪਾਲ ਹਸਪਤਾਲ ਦੇ ਚਾਈਲਡ ਸਪੈਸ਼ਲਿਸਟ ਅਤੇ ਵਾਈਸ ਚੇਅਰਪਰਸਨ ਡਾਕਟਰ ਸੰਜੀਵ ਬਗਈ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ 'ਤੇ ਪ੍ਰਦੂਸ਼ਣ ਦਾ ਅਸਰ ਸਭ ਤੋਂ ਜ਼ਿਆਦਾ ਹੋਣ ਦਾ ਖਤਰਾ ਰਹਿੰਦਾ ਹੈ।
