ਜਿਸ ਨੇ ''ਜਿੱਤੀ'' ਦਿੱਲੀ, ਉਸ ਨੇ ਹੀ ਕੀਤਾ ਦੇਸ਼ ''ਤੇ ਰਾਜ
Saturday, May 11, 2019 - 01:36 PM (IST)

ਨਵੀਂ ਦਿੱਲੀ (ਵਾਰਤਾ)— ਦੇਸ਼ ਦੀ ਰਾਜਧਾਨੀ ਦਿੱਲੀ 'ਚ ਉਂਝ ਤਾਂ ਲੋਕ ਸਭਾ ਦੀਆਂ ਸਿਰਫ 7 ਸੀਟਾਂ ਹਨ ਪਰ ਪਿਛਲੇ 22 ਸਾਲਾਂ ਦੌਰਾਨ ਹੋਈਆਂ 5 ਆਮ ਚੋਣਾਂ ਦੇ ਅੰਕੜਿਆਂ ਦੇ ਝਾਤ ਮਾਰੀ ਜਾਵੇ ਤਾਂ ਜਿਸ ਨੇ ਦਿੱਲੀ ਦੀਆਂ ਇਨ੍ਹਾਂ ਸੰਸਦੀ ਸੀਟਾਂ 'ਤੇ ਫਤਿਹ ਹਾਸਲ ਕੀਤੀ, ਉਸ ਦੀ ਹੀ ਕੇਂਦਰ ਵਿਚ ਸਰਕਾਰ ਬਣੀ। ਅਜਿਹੀ ਆਮ ਧਾਰਨਾ ਹੈ ਕਿ ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ ਜਿੱਤ-ਹਾਰ ਦੇਸ਼ ਦੇ ਮੂਡ ਦਾ ਵੀ ਸੰਕੇਤ ਦੇ ਜਾਂਦਾ ਹੈ। ਇਸ ਵਾਰ ਭਾਜਪਾ ਪਾਰਟੀ 2014 ਦੀਆਂ ਚੋਣਾਂ ਵਿਚ 7 ਸੀਟਾਂ 'ਤੇ ਮਿਲੀ ਜਿੱਤ ਨੂੰ ਇਕ ਵਾਰ ਫਿਰ ਦੋਹਰਾਉਣ 'ਚ ਜੁਟੀ ਹੋਈ ਹੈ ਤਾਂ ਉੱਥੇ ਹੀ ਕਾਂਗਰਸ 2009 ਦਾ ਬਦਲਾ ਲੈਣ ਲਈ ਕੋਈ ਕੋਰ ਕਸਰ ਨਹੀਂ ਛੱਡ ਰਹੀ। ਆਮ ਆਦਮੀ ਪਾਰਟੀ (ਆਪ) ਜਿਸ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਚ 70 'ਚੋਂ 67 ਸੀਟਾਂ ਜਿੱਤ ਕੇ ਸਾਰੇ ਸਿਆਸੀ ਪੰਡਤਾਂ ਦੇ ਗਣਿਤ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਪਾ ਦਿੱਤਾ ਸੀ, ਉਹ ਵੀ ਪੂਰੇ ਦਮ-ਖਮ ਨਾਲ ਤਾਲ ਠੋਕ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਤ੍ਰਿਕੋਣੇ ਮੁਕਾਬਲੇ ਵਿਚ ਦਿੱਲੀ ਦੀਆਂ 7 ਸੰਸਦੀ ਸੀਟਾਂ 'ਤੇ ਊਠ ਕਿਸ ਕਰਵਟ ਬੈਠਦਾ ਹੈ।
ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ 1998 ਤੋਂ ਅਜਿਹਾ ਸੰਜੋਗ ਬਣਿਆ ਹੈ ਕਿ ਜਿਸਨੇ ਇਨ੍ਹਾਂ ਸੀਟਾਂ ਨੂੰ ਫਤਿਹ ਕੀਤਾ, ਉਸ ਨੇ ਹੀ ਕੇਂਦਰ ਵਿਚ ਸੱਤਾ ਦਾ ਸੁਆਦ ਚਖਿਆ। ਸਾਲ 1998 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ ਦਿੱਲੀ ਦੀਆਂ 7 ਸੀਟਾਂ 'ਚੋਂ 6 'ਤੇ ਜਿੱਤ ਹਾਸਲ ਕੀਤੀ। ਉਸ ਸਮੇਂ ਕਰੋਲਬਾਗ ਸੀਟ ਸੁਰੱਖਿਅਤ ਹੋਇਆ ਕਰਦੀ ਸੀ ਅਤੇ ਇਸ 'ਤੇ ਕਾਂਗਰਸ ਦੀ ਮੀਰਾ ਕੁਮਾਰ ਜੇਤੂ ਰਹੀ ਸੀ। ਸਾਲ 1998 ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਕੇਂਦਰ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸਰਕਾਰ ਸੱਤਾ 'ਚ ਆਈ। ਕਈ ਦਲਾਂ ਦੇ ਸਹਿਯੋਗ ਨਾਲ ਬਣੇ ਰਾਜਗ ਗਠਜੋੜ ਦੀ ਸਰਕਾਰ ਜ਼ਿਆਦਾ ਦਿਨ ਨਹੀਂ ਚੱਲ ਸਕੀ ਅਤੇ ਸਿਰਫ 13 ਮਹੀਨੇ ਦੇ ਅੰਦਰ ਇਹ ਸਰਕਾਰ ਡਿੱਗ ਗਈ। ਇਸ ਤੋਂ ਬਾਅਦ 1999 ਵਿਚ ਫਿਰ ਆਮ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਝੋਲੀ 'ਚ ਦਿੱਲੀ ਦੀਆਂ 7 ਸੀਟਾਂ ਆਈਆਂ ਅਤੇ ਉਸ ਨੇ ਫਿਰ ਇਕ ਵਾਰ ਵਾਜਪਾਈ ਦੀ ਅਗਵਾਈ 'ਚ ਕੇਂਦਰ ਵਿਚ ਗਠਜੋੜ ਵਾਲੀ ਸਰਕਾਰ ਬਣਾਈ ਅਤੇ ਇਸ ਨੇ ਆਪਣਾ ਕਾਰਜਕਾਲ ਪੂਰਾ ਕੀਤਾ।
ਸਾਲ 2004 ਵਿਚ ਦਿੱਲੀ 'ਚ ਸੀਟਾਂ ਦੇ ਹਿਸਾਬ 1998 ਦਾ ਇਤਿਹਾਸ ਦੋਹਰਾਇਆ ਗਿਆ ਪਰ ਇਸ ਵਾਰ ਭਾਜਪਾ ਦੀ ਥਾਂ ਕਾਂਗਰਸ ਨੇ 7 'ਚੋਂ 6 ਸੀਟਾਂ ਫਤਿਹ ਕੀਤੀਆਂ ਅਤੇ ਭਾਜਪਾ ਸਿਰਫ ਦੱਖਣੀ ਦਿੱਲੀ ਦੀ ਸੀਟ ਹੀ ਹਾਸਲ ਕਰ ਸਕੀ। ਚੋਣਾਂ ਵਿਚ ਭਾਜਪਾ ਦੇ ਵਿਜੇ ਕੁਮਾਰ ਮਲਹੋਤਰਾ ਨੇ ਕਾਂਗਰਸ ਦੇ ਆਰ. ਕੇ. ਆਨੰਦ ਨੂੰ ਕਰਾਰੀ ਹਾਰ ਦਿੱਤੀ। ਕਾਂਗਰਸ ਦੇ ਡਾਂ. ਮਨਮੋਹਨ ਸਿੰਘ ਦੀ ਅਗਵਾਈ ਵਿਚ ਕੇਂਦਰ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਬਣੀ। 15ਵੀਂ ਲੋਕ ਸਭਾ ਲਈ ਸੰਸਦੀ ਸੀਟਾਂ ਦੀ ਹੱਦਬੰਦੀ ਤੋਂ ਬਾਅਦ 2009 ਦੀਆਂ ਆਮ ਚੋਣਾਂ ਵਿਚ ਕਾਂਗਰਸ ਨੇ ਦਿੱਲੀ ਦੀਆਂ 7 ਸੀਟਾਂ ਜਿੱਤੀਆਂ ਅਤੇ ਡਾ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।
16ਵੀਂ ਲੋਕ ਸਭਾ ਵਿਚ ਨਜ਼ਾਰਾ ਇਕ ਦਮ ਉਲਟ ਸੀ। ਕਾਂਗਰਸ ਦਿੱਲੀ ਦੀ ਇਕ ਵੀ ਸੀਟ ਨਹੀਂ ਬਚਾ ਸਕੀ ਅਤੇ ਕੇਂਦਰ ਵਿਚ ਵੀ ਉਸ ਦੀ ਸਰਕਾਰ ਨੂੰ ਜਾਣਾ ਪਿਆ। ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ 'ਚ 16ਵੀਂ ਲੋਕ ਸਭਾ ਚੋਣ ਲੜੀ ਅਤੇ ਕੇਂਦਰ ਵਿਚ ਸਰਕਾਰ ਬਣਾਈ। 30 ਸਾਲਾਂ ਵਿਚ ਇਹ ਪਹਿਲਾਂ ਮੌਕਾ ਸੀ, ਜਦੋਂ ਕੇਂਦਰ ਵਿਚ ਪਹਿਲੀ ਵਾਰ ਕਿਸੀ ਪਾਰਟੀ ਨੇ ਬਹੁਮਤ ਦੇ ਅੰਕੜੇ ਨੂੰ ਪਾਰ ਕੀਤਾ ਸੀ। ਚੋਣਾਂ ਰਾਜਗ ਗਠਜੋੜ ਤਹਿਤ ਲੜੀਆਂ ਗਈਆਂ ਸਨ। ਮੋਦੀ ਨੇ ਕੇਂਦਰ ਵਿਚ ਭਾਜਪਾ ਅਗਵਾਈ ਵਾਲੀ ਗਠਜੋੜ ਸਰਕਾਰ ਦੀ ਲੀਡਰਸ਼ਿਪ ਕੀਤੀ। 17ਵੀਂ ਲੋਕ ਸਭਾ ਲਈ 7 ਗੇੜ ਵਿਚ ਵੋਟਾਂ ਹੋਣੀਆਂ ਹਨ। 5 ਗੇੜ ਦੀਆਂ ਵੋਟਾਂ ਪੈ ਚੁੱਕੀਆਂ ਹਨ ਅਤੇ 6 ਗੇੜ ਦੌਰਾਨ 12 ਮਈ ਨੂੰ ਦਿੱਲੀ ਦੀਆਂ 7 ਸੀਟਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਭਾਜਪਾ, ਕਾਂਗਰਸ ਅਤੇ 'ਆਪ' ਤਿੰਨੋਂ ਹੀ ਆਪਣੀ ਜਿੱਤ ਲਈ ਪੂਰੇ ਦਮ-ਖਮ ਨਾਲ ਮੈਦਾਨ ਵਿਚ 'ਚ ਹਨ। ਦੇਖਣਾ ਇਹ ਹੋਵੇਗਾ ਕਿ ਪਿਛਲੇ 22 ਸਾਲਾਂ ਦਾ ਇਤਿਹਾਸ ਫਿਰ ਤੋਂ ਦੋਹਰਾਇਆ ਜਾਵੇਗਾ ਜੋ ਪਾਰਟੀ ਦਿੱਲੀ ਵਿਚ ਜਿੱਤ ਹਾਸਲ ਕਰਦੀ ਹੈ, ਉਹ ਹੀ ਕੇਂਦਰ ਵਿਚ ਸਰਕਾਰ ਬਣਾਏਗੀ ਜਾਂ ਇਹ ਰਿਕਾਰਡ ਟੁੱਟੇਗਾ।