ਕੋਰਟ 'ਚ ਪੇਸ਼ ਕੀਤੇ ਗਏ 13 ਤੋਤੇ, ਜਾਣੋ ਕੀ ਹੈ ਮਾਮਲਾ

10/17/2019 11:17:31 AM

ਨਵੀਂ ਦਿੱਲੀ— ਇਨਸਾਨਾਂ ਲਈ ਬਣੀ ਅਦਾਲਤ 'ਚ ਬੁੱਧਵਾਰ ਨੂੰ 13 ਤੋਤਿਆਂ ਨੂੰ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ। ਇਨ੍ਹਾਂ ਤੋਤਿਆਂ ਨੂੰ ਇਕ ਵਿਦੇਸ਼ੀ ਨਾਗਰਿਕ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਲਿਜਾਉਣ ਦੀ ਫਿਰਾਕ 'ਚ ਸੀ। ਕੋਰਟ ਨੇ ਸਾਰੇ ਤੋਤਿਆਂ ਨੂੰ ਬਰਡ ਸੈਂਚੁਅਰੀ ਭੇਜ ਦਿੱਤਾ। ਦਰਅਸਲ ਅਨਵਾਰਜੋਂ ਰਖਮਤਜੋਨੋਵ ਨਾਂ ਦੇ ਉਜਬੇਕ ਨਾਗਰਿਕ ਨੂੰ ਸੀ.ਆਈ.ਐੱਸ.ਐੱਫ. ਦੀ ਟੀਮ ਨੇ ਇੰਦਰਾ ਗਾਂਧੀ ਏਅਰਪੋਰਟ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਕਿ ਉਹ ਇਨ੍ਹਾਂ ਤੋਤਿਆਂ ਨੂੰ ਦੇਸ਼ ਤੋਂ ਬਾਹਰ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚ ਦੌਰਾਨ ਉਸ ਦੇ ਕੋਲੋਂ ਮਿਲੇ ਵੱਖ-ਵੱਖ ਤਰ੍ਹਾਂ ਦੇ ਬੂਟਾਂ ਦੇ ਡੱਬਿਆਂ 'ਚੋਂ ਇਹ ਤੋਤੇ ਬਰਾਮਦ ਹੋਏ। ਕਾਨੂੰਨਨ ਕਿਸੇ ਅਪਰਾਧਕ ਮਾਮਲੇ ਨਾਲ ਜੁੜੀ ਜਾਇਦਾਦ ਨੂੰ ਕੇਸ ਪ੍ਰਾਪਰਟੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਲੋੜ ਪੈਣ 'ਤੇ ਕੋਰਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਕਸਟਮ ਦੇ ਵਕੀਲ ਪੀ.ਸੀ. ਸ਼ਰਮਾ ਨੇ ਦੱਸਿਆ ਕਿ ਤੋਤੇ ਜੰਗਲੀ ਜੀਵ ਅਧਿਕਾਰੀਆਂ ਨੂੰ ਸੌਂਪੇ ਜਾਣ ਲਈ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤੇ ਗਏ, ਕਿਉਂਕਿ ਉਹ ਜਿਉਂਦੇ ਪੰਛੀ ਹਨ। ਦੋਸ਼ੀ ਉਨ੍ਹਾਂ ਨੂੰ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਈਲਡ ਲਾਈਫ਼ ਐਕਟ ਅਨੁਸਾਰ, ਤੋਤਿਆਂ ਨੂੰ ਐਕਸਪੋਰਟ ਕੀਤਾ ਜਾਣਾ ਪਾਬੰਦੀਸ਼ੁਦਾ ਹੈ।

ਦੋਸ਼ੀ ਨੂੰ ਵੀ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਉਸ ਨੂੰ 30 ਅਕਤੂਬਰ ਤੱਕ ਲਈ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਤਾ ਕਿ ਤੋਤੇ ਓਖਲਾ ਬਰਡ ਸੈਂਚੁਅਰੀ 'ਚ ਰੱਖੇ ਜਾਣੇ ਚਾਹੀਦੇ ਹਨ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਉਸ ਨੇ ਪੁਰਾਣੀ ਦਿੱਲੀ 'ਚ ਇਕ ਫੇਰੀਵਾਲੇ ਤੋਂ ਤੋਤੇ ਖਰੀਦੇ। ਸੀ.ਆਈ.ਐੱਸ.ਐੱਫ. ਅਨੁਸਾਰ ਦੋਸ਼ੀ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਦੇਸ਼ ਉਜਬੇਕਿਸਤਾਨ ਲਿਜਾ ਰਿਹਾ ਸੀ, ਜਿੱਥੇ ਉਨ੍ਹਾਂ ਦੀ ਬਹੁਤ ਮੰਗ ਹੈ।


DIsha

Content Editor

Related News