ਦਿੱਲੀ: ਯਮੁਨਾ ਫਿਰ ਖ਼ਤਰੇ ਦੇ ਨਿਸ਼ਾਨ ਦੇ ਪਾਰ, ਹੜ੍ਹ ਦਾ ਖ਼ਦਸ਼ਾ

Sunday, Jul 23, 2023 - 11:57 AM (IST)

ਦਿੱਲੀ: ਯਮੁਨਾ ਫਿਰ ਖ਼ਤਰੇ ਦੇ ਨਿਸ਼ਾਨ ਦੇ ਪਾਰ, ਹੜ੍ਹ ਦਾ ਖ਼ਦਸ਼ਾ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਦੇ ਪਾਰ ਚੱਲਾ ਗਿਆ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਮਗਰੋਂ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਨਦੀ ਦੇ ਪਾਣੀ ਦੇ ਪੱਧਰ 'ਚ ਵਾਧਾ ਰਾਸ਼ਟਰੀ ਰਾਜਧਾਨੀ ਦੇ ਹੜ੍ਹ ਪ੍ਰਭਾਵਿਤ ਹੇਠਲੇ ਇਲਾਕਿਆਂ 'ਚ ਰਾਹਤ ਅਤੇ ਮੁੜ ਵਸੇਬਾ ਦੇ ਕੰਮ 'ਤੇ ਅਸਰ ਪੈ ਸਕਦਾ ਹੈ। 

ਮਾਲ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਹਥਿਨੀਕੁੰਡ ਬੈਰਾਜ ਤੋਂ ਯਮੁਨਾ ਨਦੀ 'ਚ ਦੋ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਹਾਈ ਅਲਰਟ 'ਤੇ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਪਾਣੀ ਦਾ ਪੱਧਰ 206.7 ਮੀਟਰ ਤੱਕ ਪਹੁੰਚ ਜਾਂਦਾ ਹੈ ਤਾਂ ਯਮੁਨਾ ਦੇ ਕੁਝ ਹਿੱਸੇ ਡੁੱਬ ਸਕਦੇ ਹਨ। ਯਮੁਨਾ ਦਾ ਪਾਣੀ ਦਾ ਪੱਧਰ ਪਿਛਲੇ ਕੁਝ ਦਿਨਾਂ ਤੋਂ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। 13 ਜੁਲਾਈ ਨੂੰ ਇਹ ਰਿਕਾਰਡ 208.66 ਮੀਟਰ 'ਤੇ ਪਹੁੰਚ ਗਿਆ ਸੀ।

ਓਧਰ ਕੇਂਦਰੀ ਜਲ ਕਮਿਸ਼ਨ (CWC) ਦੇ ਅੰਕੜਿਆਂ ਅਨੁਸਾਰ ਯਮੁਨਾ ਦਾ ਪਾਣੀ ਦਾ ਪੱਧਰ ਸ਼ਨੀਵਾਰ ਰਾਤ 10 ਵਜੇ 205.02 ਮੀਟਰ ਤੋਂ ਵਧ ਕੇ ਐਤਵਾਰ ਸਵੇਰੇ 9 ਵਜੇ 205.96 ਮੀਟਰ ਪਹੁੰਚ ਗਿਆ ਅਤੇ ਇਸ ਦੇ ਸ਼ਾਮ 4 ਵਜੇ ਤੱਕ 206.7 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 25 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ 'ਚ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਦਿੱਲੀ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਉਪਰਲੇ ਹਿੱਸਿਆਂ ਵਿਚ ਮੀਂਹ ਕਾਰਨ ਹੇਠਲੇ ਇਲਾਕਿਆਂ 'ਚ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਕੰਮ ਪ੍ਰਭਾਵਿਤ ਹੋਵੇਗਾ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਰਾਹਤ ਕੈਂਪਾਂ 'ਚ ਰਹਿਣਾ ਪੈ ਸਕਦਾ ਹੈ। ਇਸ ਨਾਲ ਵਜ਼ੀਰਾਬਾਦ ਪੰਪ ਹਾਊਸ 'ਚ ਹੜ੍ਹ ਕਾਰਨ 4-5 ਦਿਨਾਂ ਤੋਂ ਪ੍ਰਭਾਵਿਤ ਰਹੀ ਸ਼ਹਿਰ 'ਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ ਸੀ ਹੈ ਅਤੇ ਮੰਗਲਵਾਰ ਨੂੰ ਹੀ ਇਹ ਆਮ ਵਾਂਗ ਹੋ ਸਕੀ। 
 


 


author

Tanu

Content Editor

Related News