‘ਸਪਾਈਡਰ-ਮੈਨ’ ਵਾਂਗ ਕੰਧਾਂ ਟੱਪਣ ਵਾਲਾ ਚੋਰ ਗ੍ਰਿਫਤਾਰ
Tuesday, Dec 31, 2024 - 07:14 PM (IST)
ਨਵੀਂ ਦਿੱਲੀ (ਭਾਸ਼ਾ)- ਕੰਧਾਂ ਟੱਪਣ ਅਤੇ ਲੋਕਾਂ ਨੂੰ ਭਿਣਕ ਲੱਗੇ ਬਿਨਾਂ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੋਣ ਵਿਚ ਮਾਹਿਰ ਅਤੇ ‘ਸਪਾਈਡਰ-ਮੈਨ’ ਉਪਨਾਮ ਨਾਲ ਜਾਣੇ ਜਾਂਦੇ ਇਕ ਸ਼ਾਤਿਰ ਚੋਰ ਨੂੰ ਦਿੱਲੀ ਪੁਲਸ ਨੇ ਉੱਤਰ-ਪੱਛਮੀ ਜ਼ਿਲੇ ਦੇ ਕਬੀਰ ਨਗਰ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਉੱਤਰ-ਪੱਛਮੀ) ਭੀਸ਼ਮ ਸਿੰਘ ਨੇ ਕਿਹਾ ਕਿ ਸੰਗਮ ਪਾਰਕ ਤੋਂ ਸਾਡੀ ਟੀਮ ਨੇ ਯੋਗੇਸ਼ ਨੂੰ ਫੜਿਆ ਹੈ, ਜਿਸ ਨੂੰ ਘਰਾਂ ਵਿਚ ਦਾਖਲ ਹੋਣ ਦੇ ਵਿਲੱਖਣ ਤਰੀਕਿਆਂ ਲਈ ‘ਸਪਾਈਡਰ-ਮੈਨ’ ਵੀ ਕਿਹਾ ਜਾਂਦਾ ਹੈ।
ਪੁੱਛਗਿੱਛ ਦੌਰਾਨ ਯੋਗੇਸ਼ ਨੇ ਚੋਰੀ ਤੇ ਹੋਰ ਮਾਮਲਿਆਂ ’ਚ ਸ਼ਾਮਲ ਹੋਣ ਦੀ ਗੱਲ ਕਬੂਲ ਕਰ ਲਈ। ਉਸ ਦੇ ਕਬਜ਼ੇ ਵਿਚੋਂ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਪੁਲਸ ਨੇ ਰੂਪ ਨਗਰ, ਮੌਰਿਆ ਐਨਕਲੇਵ, ਖਿਆਲਾ ਅਤੇ ਜਹਾਂਗੀਰ ਪੁਰੀ ਵਿਚ ਉਸਦੇ ਖਿਲਾਫ ਪਹਿਲਾਂ ਤੋਂ ਦਰਜ ਪੰਜ ਕੇਸਾਂ ਨੂੰ ਵੀ ਸੁਲਝਾ ਲਿਆ।