ਦਿੱਲੀ ’ਚ ਗਰਮੀ ਨੇ ਤੋੜਿਆ ਰਿਕਾਰਡ, ਪਾਰਾ 48 ’ਤੇ
Monday, Jun 10, 2019 - 07:43 PM (IST)

ਨਵੀਂ ਦਿੱਲੀ– ਦਿੱਲੀ ਵਿਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਰਾ ਪਹਿਲੀ ਵਾਰ 48 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਦੇ ਪਾਲਮ ਇਲਾਕੇ ਵਿਚ ਸਥਿਤ ਮੌਸਮ ਜਾਂਚ ਕੇਂਦਰ ’ਤੇ ਵੱਧ ਤੋਂ ਵੱਧ ਤਾਪਮਾਨ ਅੱਜ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 8 ਡਿਗਰੀ ਜ਼ਿਆਦਾ ਹੈ। ਜੂਨ ਮਹੀਨੇ ਦਾ ਪਿਛਲਾ ਰਿਕਾਰਡ 9 ਜੂਨ 2014 ਨੂੰ 47.8 ਡਿਗਰੀ ਸੈਲਸੀਅਸ ਰਿਹਾ ਸੀ। ਪਾਲਮ ਵਿਚ ਘੱਟ ਤੋਂ ਘੱਟ ਤਾਪਮਾਨ ਅੱਜ 30.2 ਡਿਗਰੀ ਸੈਲਸੀਅਸ ਰਿਹਾ ਜੋ ਸਾਧਾਰਨ ਤੋਂ 2 ਡਿਗਰੀ ਜ਼ਿਆਦਾ ਹੈ। ਉਥੇ ਹੀ ਸਫਦਰਜੰਗ ਮੌਸਮ ਕੇਂਦਰ ’ਤੇ ਵੀ ਘੱਟ ਤੋਂ ਘੱਟ 11 ਸਾਲ ਦਾ ਰਿਕਾਰਡ ਟੁੱਟ ਕੇ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ ’ਤੇ ਪਹੁੰਚ ਗਿਆ।
ਉਥੇ ਹੀ ਜੈਪੁਰ ਤੋਂ ਮਿਲੀ ਸੂਚਨਾ ਅਨੁਸਾਰ ਰਾਜਸਥਾਨ ਦੇ ਚੁਰੂ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 50.3 ਡਿਗਰੀ ਦਰਜ ਕੀਤਾ ਗਿਆ। ਇਸ ਮੌਸਮ ਵਿਚ ਉਥੇ ਵੱਧ ਤੋਂ ਵੱਧ ਤਾਪਮਾਨ 1 ਜੂਨ ਨੂੰ 50.8 ਡਿਗਰੀ ਦਰਜ ਕੀਤਾ ਗਿਆ ਸੀ ਜੋ ਪੂਰੇ ਸੂਬੇ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।
ਅਰਬ ਸਾਗਰ ’ਚ ਭਿਆਨਕ ਚਕਰਵਾਤੀ ਤੂਫਾਨ ਦੀ ਚਿਤਾਵਨੀ
ਮੌਸਮ ਵਿਭਾਗ ਨੇ ਦੱਖਣ-ਪੂਰਬ ਅਤੇ ਪੂਰਬ-ਮੱਧ ਅਰਬ ਸਾਗਰ ਵਿਚ ਬਣੇ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਦੇ 13 ਜੂਨ ਤੱਕ ਭਿਆਨਕ ਚਕਰਵਾਤੀ ਤੂਫਾਨ ਵਿਚ ਬਦਲਣ ਦਾ ਅਗਾਊਂ ਅੰਦਾਜ਼ਾ ਜਾਰੀ ਕਰਦਿਆਂ ਕੇਰਲ, ਲਕਸ਼ਦੀਪ, ਕਰਨਾਟਕ ਅਤੇ ਸਮੁੰਦਰੀ ਇਲਾਕਿਆਂ ਅਤੇ ਸੌਰਾਸ਼ਟਰ ਅਤੇ ਕੱਛ ’ਚ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਜਿਹੜੇ ਮਛੇਰੇ ਸਮੁੰਦਰ ਵਿਚ ਹਨ, ਉਨ੍ਹਾਂ ਨੂੰ ਵਾਪਸ ਮੁੜ ਆਉਣ ਦੀ ਸਲਾਹ ਦਿੱਤੀ ਗਈ ਹੈ। ਭੂ ਵਿਗਿਆਨ ਮੰਤਰਾਲਾ ਅਨੁਸਾਰ ਹਵਾ ਦੇ ਘੱਟ ਦਬਾਅ ਦਾ ਇਹ ਖੇਤਰ ਲਕਸ਼ਦੀਪ ਦੇ ਅਮਨੀਦਿਵੀ ਤੋਂ 240 ਕਿਲੋਮੀਟਰ ਉੱਤਰ-ਪੱਛਮ, ਮੁੰਬਈ ਤੋਂ 760 ਕਿਲੋਮੀਟਰ ਦੱਖਣ-ਦੱਖਣ ਪੱਛਮ ਅਤੇ ਗੁਜਰਾਤ ਦੇ ਵੇਰਾਵਲ ਤੋਂ 930 ਕਿਲੋਮੀਟਰ ਦੱਖਣ-ਦੱਖਣ ਪੂਰਬ ਵਿਚ ਸਥਿਤ ਸੀ। ਇਸਦੇ 11 ਜੂਨ ਤੱਕ ਚੱਕਰਵਾਤੀ ਤੂਫਾਨ ਵਿਚ ਅਤੇ ਉਸ ਤੋਂ ਬਾਅਦ ਭਿਆਨਕ ਚਕਰਵਾਤੀ ਤੂਫਾਨ ਵਿਚ ਬਦਲਣ ਦਾ ਖਦਸ਼ਾ ਹੈ। ਇਸਦੇ ਅਗਲੇ 72 ਘੰਟਿਆਂ ਦੌਰਾਨ ਉੱਤਰ-ਉੱਤਰ ਪੱਛਮ ਵਲ ਵਧਣ ਦਾ ਅੰਦਾਜ਼ਾ ਹੈ। ਵਿਭਾਗ ਨੇ 10 ਜੂਨ ਨੂੰ ਲਕਸ਼ਦੀਪ ਅਤੇ ਕਰਨਾਟਕ ਦੇ ਤਟੀ ਇਲਾਕਿਆਂ ਵਿਚ, 12 ਜੂਨ ਨੂੰ ਕੇਰਲ ਵਿਚ ਅਤੇ 13 ਜੂਨ ਨੂੰ ਸੌਰਾਸ਼ਟਰ ਅਤੇ ਕੱਛ ਵਿਚ ਭਾਰੀ ਤੋਂ ਕਾਫੀ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਇਲਾਕਿਆਂ ਵਿਚ 14 ਜੂਨ ਤੱਕ ਚੰਗੀ ਬਾਰਿਸ਼ ਦੀ ਸੰਭਾਵਨਾ ਹੈ।