ਦਿੱਲੀ 'ਚ ਤੀਜੀ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਟੀਚਰ ਨੇ ਕੀਤਾ ਜਬਰ ਜ਼ਿਨਾਹ
Wednesday, Feb 08, 2023 - 05:07 PM (IST)
ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ 'ਚ ਤੀਜੀ ਜਮਾਤ ਦੀ 8 ਸਾਲਾ ਇਕ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਕਰਨ ਨੂੰ ਲੈ ਕੇ 40 ਸਾਲਾ ਇਕ ਅਧਿਆਪਕ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਦੇ ਸਕੂਲ 'ਚ 2016 ਤੋਂ ਤਾਇਨਾਤ ਖੇਡ ਅਧਿਆਪਕ (ਦੋਸ਼ੀ) ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਇਹ ਅਧਿਆਪਕ ਬੱਚੀ ਨੂੰ ਲਾਲਚ ਦੇ ਕੇ ਇਕ ਸੁੰਨਸਾਨ ਜਗ੍ਹਾ ਲੈ ਗਿਆ ਅਤੇ ਉਸ ਦਾ ਯੌਨ ਸ਼ੋਸ਼ਣ ਕੀਤਾ।
ਉਨ੍ਹਾਂ ਦੱਸਿਆ ਕਿ ਜਦੋਂ ਬੱਚੀ ਦੀ ਮਾਂ ਨੂੰ ਉਸ ਦਾ ਰਵੱਈਆ ਕੁਝ ਸ਼ੱਕੀ ਲੱਗਾ, ਉਦੋਂ ਇਹ ਮਾਮਲਾ ਸਾਹਮਣੇ ਆਇਆ। ਉਨ੍ਹਾਂ ਅਨੁਸਾਰ ਬੱਚੀ ਨੇ ਮਾਂ ਨੂੰ ਆਪਬੀਤੀ ਦੱਸੀ ਅਤੇ ਉਦੋਂ ਉਸ ਦੇ ਮਾਤਾ-ਪਿਤਾ ਨੇ ਬੁੱਧਵਾਰ ਨੂੰ ਪੁਲਸ ਨਾਲ ਸੰਪਰਕ ਕੀਤਾ। ਪੁਲਸ ਡਿਪਟੀ ਕਮਿਸ਼ਨਰ ਅੰਮ੍ਰਿਤਾ ਗੁਗਲੋਥ ਨੇ ਦੱਸਿਆ ਕਿ 4-5 ਦਿਨ ਪਹਿਲਾਂ ਹੋਈ ਇਸ ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਸ ਦੀ ਇਕ ਟੀਮ ਮੌਕੇ 'ਤੇ ਭੇਜੀ ਗਈ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਗਈ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਵਿਰੁੱਧ ਭਾਰਤੀ ਦੰਡਾਵਲੀ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।