ਅਜੇ ਨਹੀਂ ਮਿਲੇਗਾ ਦਿੱਲੀ ਵਾਸੀਆਂ ਨੂੰ ਸੌਖਾ ਸਾਹ, ਹਵਾ ਦਾ ਪੱਧਰ ''ਬਹੁਤ ਖਰਾਬ''

Wednesday, Nov 21, 2018 - 03:59 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਹਵਾ ਪ੍ਰਦੂਸ਼ਣ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ਨੂੰ 'ਬਹੁਤ ਖਰਾਬ' ਸ਼੍ਰੇਣੀ ਵਿਚ ਰਹੀ ਅਤੇ ਕੁਝ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਸ਼੍ਰੇਣੀ ਵਿਚ ਚਲਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਵਿਚ ਹਵਾ ਗੁਣਵੱਤਾ (ਏਅਰ ਕੁਆਲਿਟੀ ਇੰਡੈਕਸ) 387 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਦੀ ਸ਼੍ਰੇਣੀ ਵਿਚ ਆਉਂਦਾ ਹੈ। ਬੋਰਡ ਨੇ ਦੱਸਿਆ ਕਿ ਦਿੱਲੀ ਦੇ 13 ਇਲਾਕਿਆਂ ਵਿਚ ਹਵਾ ਗੁਣਵੱਤਾ 'ਗੰਭੀਰ' ਪੱਧਰ 'ਤੇ ਪਹੁੰਚ ਗਈ ਹੈ। ਉੱਥੇ ਹੀ 23 ਖੇਤਰਾਂ ਵਿਚ ਇਹ ਬਹੁਤ ਖਰਾਬ ਦਰਜ ਕੀਤੀ ਗਈ।

ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਪੀਐੱਮ 2.5 (ਹਵਾ ਵਿਚ ਮੌਜੂਦ 2.5 ਮਾਈਕ੍ਰੋਮੀਟਰ ਤੋਂ ਘੱਟ ਵਿਆਸ ਦੇ ਕਣਾਂ) ਦਾ ਪੱਧਰ ਹਵਾ 'ਚ 248 ਦਰਜ ਕੀਤਾ ਗਿਆ ਅਤੇ ਪੀਐੱਮ 10 ਦਾ ਪੱਧਰ 402 ਰਿਹਾ। ਹਵਾ ਗੁਣਵੱਤਾ ਇੰਡੈਕਸ 'ਚ 0 ਤੋਂ 50 ਅੰਕ ਤਕ ਹਵਾ ਦੀ ਗੁਣਵੱਤਾ ਨੂੰ 'ਚੰਗਾ', 51 ਤੋਂ 100 ਤਕ 'ਸੰਤੋਸ਼ਜਨਕ', 101 ਤੋਂ 200 ਤਕ 'ਮੱਧ ਅਤੇ ਆਮ', 201 ਤੋਂ 300 ਦੇ ਪੱਧਰ ਨੂੰ 'ਖਰਾਬ', 301 ਤੋਂ 400 ਦੇ ਪੱਧਰ ਨੂੰ 'ਬਹੁਤ ਖਰਾਬ' ਅਤੇ 401 ਤੋਂ 500 ਦੇ ਪੱਧਰ ਨੂੰ 'ਗੰਭੀਰ' ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਕੇਂਦਰ ਸੰਚਾਲਤ ਹਵਾ ਗੁਣਵੱਤਾ ਅਤੇ ਮੌਸਮ ਵਿਭਾਗ ਮੁਤਾਬਕ ਹਵਾ ਦੀ ਗੁਣਵੱਤਾ ਅਗਲੇ 2-3 ਦਿਨ ਬਹੁਤ ਖਰਾਬ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਥੋੜ੍ਹੀ ਕਮੀ ਆਈ ਹੈ ਅਤੇ ਇਸ ਦਾ ਮਾਮੂਲੀ ਅਸਰ ਰਹੇਗਾ। ਅਧਿਕਾਰੀ ਪ੍ਰਦੂਸ਼ਣ ਘੱਟ ਕਰਨ ਲਈ ਨਕਲੀ ਮੀਂਹ ਪਾਉਣ 'ਤੇ ਵਿਚਾਰ ਕਰ ਰਹੇ ਹਨ।


Tanu

Content Editor

Related News