ਸੰਸਦ ’ਚ ਸਰਕਾਰ ਨੂੰ ਘੇਰਨ ਲਈ ਰਾਹੁਲ ਦੀ ‘ਚਾਹ’ ਬੈਠਕ, ਵਿਰੋਧੀ ਧਿਰ ਨੂੰ ਬੋਲੇ- ਇਕਜੁੱਟ ਹੋਣਾ ਜ਼ਰੂਰੀ

Tuesday, Aug 03, 2021 - 10:56 AM (IST)

ਸੰਸਦ ’ਚ ਸਰਕਾਰ ਨੂੰ ਘੇਰਨ ਲਈ ਰਾਹੁਲ ਦੀ ‘ਚਾਹ’ ਬੈਠਕ, ਵਿਰੋਧੀ ਧਿਰ ਨੂੰ ਬੋਲੇ- ਇਕਜੁੱਟ ਹੋਣਾ ਜ਼ਰੂਰੀ

ਨਵੀਂ ਦਿੱਲੀ—  ਸੰਸਦ ਦੇ ਮਾਨਸੂਨ ਸੈਸ਼ਨ ’ਚ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਖਿੱਚੋ-ਤਾਣ ਬਣੀ ਹੋਈ ਹੈ। ਇਸ ਖਿੱਚੋਤਾਣ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਸਿਆਸੀ ਦਲਾਂ ਨੂੰ ਚਾਹ-ਨਾਸ਼ਤੇ ’ਤੇ ਬੁਲਾਇਆ। ਦਰਅਸਲ ਸੰਸਦ ’ਚ ਮੋਦੀ ਸਰਕਾਰ ਨੂੰ ਘੇਰਨ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੀ ਏਕਤਾ ਨੂੰ ਮਜ਼ਬੂਤੀ ਦੇਣ ਲਈ ਰਾਹੁਲ ਗਾਂਧੀ ਨੇ ਬੈਠਕ ਸੱਦੀ। ਇਸ ਬੈਠਕ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਮਹਿੰਗਾਈ ਜਿਵੇਂ ਕਿ ਪੈਟਰੋਲ-ਡੀਜ਼ਲ ਦੇ ਮਸਲੇ ’ਤੇ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਅਸੀਂ ਇੱਥੋਂ ਸੰਸਦ ਤੱਕ ਸਾਈਕਲ ਮਾਰਚ ਕਰ ਸਕਦੇ ਹਾਂ। 

PunjabKesari

ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਇਸ ਆਵਾਜ਼ ਨੂੰ ਇਕਜੁੱਟ ਕਰਨਾ ਹੈ, ਇਹ ਆਵਾਜ਼ ਜਿੰਨੀ ਇਕਜੁੱਟ ਹੋਵੇਗੀ, ਓਨੀ ਹੀ ਮਜ਼ਬੂਤ ਹੋਵੇਗੀ। ਭਾਜਪਾ ਅਤੇ ਆਰ. ਐੱਸ. ਐੱਸ. ਲਈ ਇਸ ਆਵਾਜ਼ ਨੂੰ ਦਬਾਉਣਾ ਓਨਾ ਹੀ ਮੁਸ਼ਕਲ ਹੋਵੇਗਾ। ਸੰਸਦ ’ਚ ਅਸੀਂ ਪੈਗਾਸਸ ਜਾਸੂਸੀ ਮਾਮਲੇ ’ਤੇ ਚਰਚਾ ਚਾਹੁੰਦੇ ਹਾਂ, ਅਸੀਂ ਸਰਕਾਰ ਨੂੰ ਇਸ ਬਾਬਤ ਸਵਾਲ ਪੁੱਛਣਾ ਚਾਹੁੰਦੇ ਹਾਂ ਅਤੇ ਜਵਾਬ ਚਾਹੁੰਦੇ ਹਾਂ। 

ਦੱਸ ਦੇਈਏ ਕਿ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ’ਚ ਰਾਹੁਲ ਗਾਂਧੀ ਦੇ ਸੱਦੇ ’ਤੇ ਵਿਰੋਧੀ ਧਿਰ ਦੇ ਆਗੂਆਂ ਦੀ ਬੈਠਕ ਹੋਈ। ਇਸ ਬੈਠਕ ਵਿਚ ਤ੍ਰਿਣਮੂਲ ਕਾਂਗਰਸ, ਰਾਜਦ, ਸ਼ਿਵਸੈਨਾ, ਸਮਾਜਵਾਦੀ ਪਾਰਟੀ ਸਮੇਤ ਕਈ ਹੋਰ ਦਲਾਂ ਦੇ ਆਗੂ ਪਹੁੰਚੇ। ਸੰਸਦ ਦੇ ਮਾਨਸੂਨ ਸੈਸ਼ਨ ਦਾ ਜੋ ਸਮਾਂ ਬਚਿਆ ਹੈ, ਉਸ ’ਚ ਸਰਕਾਰ ਨੂੰ ਕਿਸ ਤਰ੍ਹਾਂ ਘੇਰਿਆ ਜਾਵੇ, ਉਸ ਨੂੰ ਲੈ ਕੇ ਇਸ ਬੈਠਕ ਵਿਚ ਮੰਥਨ ਹੋਇਆ। ਰਾਹੁਲ ਗਾਂਧੀ ਨੇ ਜਿਨ੍ਹਾਂ ਸਿਆਸੀ ਦਲਾਂ ਨੂੰ ਸੱਦਾ ਦਿੱਤਾ ਸੀ, ਉਨ੍ਹਾਂ ’ਚੋਂ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਗਾਇਬ ਰਹੀਆਂ। ਉਨ੍ਹਾਂ ਦਾ ਕੋਈ ਵੀ ਆਗੂ ਰਾਹੁਲ ਗਾਂਧੀ ਦੀ ਬੈਠਕ ਵਿਚ ਨਹੀਂ ਪੁੱਜਾ। 

ਦੱਸ ਦੇਈਏ ਕਿ ਪੈਗਾਸਸ ਜਾਸੂਸੀ ਕਾਂਡ ਦੇ ਮਸਲੇ ’ਤੇ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ। ਜਿਸ ਕਾਰਨ ਸੰਸਦ ਨਹੀਂ ਚੱਲ ਰਹੀ ਕਿਉਂਕਿ ਵਿਰੋਧੀ ਧਿਰ ਨੇ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ। ਉੱਥੇ ਹੀ ਸਰਕਾਰ ਇਸ ਮੁੱਦੇ ਤੋਂ ਖੁਦ ਨੂੰ ਬਚਾਉਣਾ ਚਾਹੁੰਦੀ ਹੈ। ਸੰਸਦ ਦਾ ਮਾਨਸੂਨ ਸੈਸ਼ਨ 13 ਅਗਸਤ ਤੱਕ ਚਲਣਾ ਹੈ।


author

Tanu

Content Editor

Related News