ਦਿੱਲੀ, ਮੁੰਬਈ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ ਵਰਜਿਨ ਅਟਲਾਂਟਿਕ

8/13/2020 4:07:58 PM

ਨਵੀਂ ਦਿੱਲੀ (ਵਾਰਤਾ) : ਬ੍ਰਿਤਾਨੀ ਜਹਾਜ਼ ਸੇਵਾ ਕੰਪਨੀ ਵਰਜਿਨ ਅਟਲਾਂਟਿਕ ਅਗਲੇ ਮਹੀਨੇ ਦਿੱਲੀ ਅਤੇ ਮੁੰਬਈ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ।  ਏਅਰਲਾਈਨ ਨੇ ਅੱਜ ਦੱਸਿਆ ਕਿ ਬ੍ਰਿਟੇਨ ਅਤੇ ਭਾਰਤ ਵਿਚਾਲੇ ਦੋ-ਪੱਖੀ ਸਮੱਝੌਤੇ ਤਹਿਤ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਿੱਲੀ ਤੋਂ 02 ਸਤੰਬਰ ਤੋਂ ਅਤੇ ਮੁੰਬਈ ਤੋਂ 17 ਸਤੰਬਰ ਤੋਂ ਉਡਾਣ ਸ਼ੁਰੂ ਹੋਵੇਗੀ। ਦਿੱਲੀ ਅਤੇ ਲੰਡਨ ਦੇ ਵਿਚ ਹਫ਼ਤੇ ਵਿਚ 3 ਉਡਾਣਾਂ ਹੋਣਗੀਆਂ, ਜਦੋਂਕਿ ਮੁੰਬਈ ਤੋਂ ਲੰਡਨ ਲਈ ਹਫ਼ਤੇ ਵਿਚ 3 ਉਡਾਣਾਂ ਹੋਣਗੀਆਂ।

ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਦੇ ਬਾਅਦ ਤੋਂ ਪਹਿਲੀ ਵਾਰ ਵਰਜਿਨ ਏਅਰਲਾਈਨ ਭਾਰਤ ਵਿਚ ਜਹਾਜ਼ ਸੇਵਾ ਸ਼ੁਰੂ ਕਰੇਗੀ। ਏਅਰਲਾਈਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਅਤੇ ਮੁੰਬਈ ਤੋਂ ਲੰਡਨ ਜਾਣ ਵਾਲੇ ਯਾਤਰੀ ਅੱਗੇ ਨਿਊਯਾਰਕ ਦੀ ਯਾਤਰਾ ਵੀ ਕਰ ਸਕਣਗੇ, ਬਸ਼ਰਤੇ ਉਹ ਭਾਰਤ ਅਤੇ ਅਮਰੀਕਾ ਦੇ ਮੌਜੂਦਾ ਨਿਯਮਾਂ ਅਤੇ ਪਾਬੰਦੀਆਂ ਤਹਿਤ ਇਸ ਲਈ ਪਾਤਰ ਹੋਣ। ਇਸ ਤੋਂ ਪਹਿਲਾਂ ਉਹ ਲੰਡਨ ਦੇ ਹਿਥਰੋ ਹਵਾਈ ਅੱਡੇ ਤੋਂ ਹਾਂਗਕਾਂਗ, ਨਿਊਯਾਰਕ, ਲਾਸ ਏਂਜਲਸ, ਸ਼ੰਘਾਈ ਅਤੇ ਬਾਰਬਾਡੋਸ ਲਈ ਉਡਾਣਾਂ ਸ਼ੁਰੂ ਕਰ ਚੁੱਕੀ ਹੈ।


cherry

Content Editor cherry