ਦਿੱਲੀ ਦੀ ਹਵਾ ਗੁਣਵੱਤਾ ''ਬੇਹੱਦ ਖ਼ਰਾਬ'' ਸ਼੍ਰੇਣੀ ''ਚ ਬਰਕਰਾਰ

10/25/2020 2:47:04 PM

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੀ ਹਵਾ ਗੁਣਵੱਤਾ ਐਤਵਾਰ ਨੂੰ ਵੀ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਬਰਕਰਾਰ ਰਹੀ ਅਤੇ ਸ਼ਹਿਰ ਦਾ ਏਅਰ ਕੁਆਲਟੀ ਇੰਡੈਕਸ (ਏ.ਕਿਊ.ਆਈ) 352 ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਮੁੰਡਕਾ, ਆਨੰਦ ਵਿਹਾਰ, ਜਹਾਂਗੀਰਪੁਰੀ, ਵਿਵੇਕ ਵਿਹਾਰ ਅਤੇ ਬਵਾਨਾ ਵਰਗੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੈ।  ਧਰਤੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਨਿਗਰਾਨੀ ਪ੍ਰਣਾਲੀ 'ਸਫਰ' ਨੇ ਕਿਹਾ ਹੈ ਕਿ ਕੁੱਝ ਸਥਾਨ ਗੰਭੀਰ ਹਵਾ ਪ੍ਰਦੂਸ਼ਣ ਦੀ ਸ਼੍ਰੇਣੀ ਵਿਚ ਆ ਗਏ ਹਨ ਹਾਲਾਂਕਿ ਹੌਲੀ-ਹੌਲੀ ਹਵਾ ਦੇ ਰਫ਼ਤਾਰ ਫੜਨ ਨਾਲ ਸਥਿਤੀ ਬਿਹਤਰ ਹੁੰਦੀ ਚੱਲੀ ਜਾਵੇਗੀ। ਸਫਰ ਨੇ ਕਿਹਾ ਕਿ ਸੋਮਵਾਰ ਨੂੰ ਹਵਾ ਗੁਣਵੱਤਾ ਵਿਚ ਸੁਧਾਰ ਹੋਣ ਦਾ ਅਨੁਮਾਨ ਹੈ। ਉਸ ਨੇ ਕਿਹਾ ਹੈ ਕਿ ਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਹੈ ਅਤੇ ਕੁੱਝ ਸਥਾਨਾਂ 'ਤੇ ਹਵਾ ਪ੍ਰਦੂਸ਼ਣ ਕਾਫ਼ੀ ਜ਼ਿਆਦਾ ਹੈ ਪਰ ਹੌਲੀ-ਹੌਲੀ ਇਸ ਵਿਚ ਕਮੀ ਹੁੰਦੀ ਚਲੀ ਜਾਵੇਗੀ। ਇਸ ਦੀ ਮੁੱਖ ਵਜ੍ਹਾ ਕੱਲ ਤੋਂ ਸ਼ੁਰੂ ਹੋਈਆਂ ਸ਼ਾਂਤ ਹਵਾਵਾਂ ਹਨ, ਜਿਸ ਦੇ 26 ਅਕਤੂਬਰ ਤੱਕ ਹੌਲੀ-ਹੌਲੀ ਰਫ਼ਤਾਰ ਫੜਨ ਦਾ ਅਨੁਮਾਨ ਹੈ।

ਸਫਰ ਨੇ ਕਿਹਾ ਕਿ ਹਵਾ ਗੁਣਵੱਤਾ ਇੰਡੈਕਸ ਦੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹਿਣ ਦਾ ਅਨੁਮਾਨ ਹੈ, ਹਾਲਾਂਕਿ ਇਸ ਦੇ ਹੋਰ ਜ਼ਿਆਦਾ ਖ਼ਰਾਬ ਹੋਣ ਦਾ ਅਨੁਮਾਨ ਨਹੀਂ ਹੈ।  ਏਜੰਸੀ ਨੇ ਕਿਹਾ, ਮੌਜੂਦਾ ਸਥਿਤੀ ਵਿਚ 26 ਅਕਤੂਬਰ ਤੱਕ ਕੁੱਝ ਸੁਧਾਰ ਹੋਣ ਦੀ ਉਂਮੀਦ ਹੈ। ਉਸਨੇ ਕਿਹਾ ਕਿ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 1,292 ਰਹੀ। ਦਿੱਲੀ ਦੇ ਹਵੇ ਪ੍ਰਦੂਸ਼ਣ ਵਿਚ ਇਸ ਦੀ ਭਾਗੀਦਾਰੀ 9 ਫ਼ੀਸਦੀ ਹੈ।  ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦਾ ਏ.ਕਿਊ.ਆਈ. 346 ਅਤੇ ਉਸ ਤੋਂ ਇਕ ਦਿਨ ਪਹਿਲਾਂ 366 ਰਿਹਾ ਸੀ। ਜ਼ਿਕਰਯੋਗ ਹੈ ਕਿ 0 ਅਤੇ 50  ਦੇ ਵਿਚਾਲੇ ਏ.ਕਿਊ.ਆਈ. ਨੂੰ ਚੰਗਾ, 51 ਅਤੇ 100 ਦੇ ਵਿਚਾਲੇ ਸੰਤੋਸ਼ਜਨਕ, 101 ਅਤੇ 200 ਦੇ ਵਿਚਾਲੇ ਮੱਧਮ, 201 ਅਤੇ 300 ਦੇ ਵਿਚਾਲੇ ਖ਼ਰਾਬ, 301 ਅਤੇ 400 ਦੇ ਵਿਚਾਲੇ ਬੇਹੱਦ ਖ਼ਰਾਬ ਅਤੇ 401 ਤੋਂ 500 ਦੇ ਵਿਚਾਲੇ ਗੰਭੀਰ ਮੰਨਿਆ ਜਾਂਦਾ ਹੈ।  


cherry

Content Editor

Related News