ਅੱਤਵਾਦ ਦਾ ਲੱਕ ਤੋੜਨ ਲਈ 15,935 ਕਰੋੜ ਰੁਪਏ ਦੇ ਨਵੇਂ ਖਰੀਦ ਪ੍ਰਸਤਾਵ ਨੂੰ ਮਨਜ਼ੂਰੀ

02/13/2018 9:00:15 PM

ਨਵੀਂ ਦਿੱਲੀ— ਪਾਕਿਸਤਾਨ ਤੇ ਚੀਨ ਦੇ ਮੋਰਚੇ 'ਤੇ ਤਣਾਅ ਦੇ ਨਾਲ ਘਾਟੀ 'ਚ ਸੁਰੱਖਿਆ ਬਲਾਂ ਦੇ ਕੈਂਪਾਂ 'ਤੇ ਹਮਲੇ ਵਧਣ ਦੇ ਵਿਚਕਾਰ ਫੌਜ ਨੇ ਛੋਟੇ ਹਥਿਆਰਾਂ ਦੀ ਖਰੀਦ 'ਤੇ ਵੱਡਾ ਫੈਸਲਾ ਲਿਆ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਕਈ ਹਜ਼ਾਰ ਕਰੋੜ ਰੁਪਏ ਦੇ ਛੋਟੇ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ।
ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਧੁਨਿਕ ਤੇ ਅਸਰਦਾਰ ਹਥਿਆਰਾਂ ਨਾਲ ਲੈਸ ਕਰਨ ਲਈ ਰੱਖਿਆ ਪ੍ਰੀਸ਼ਦ ਨੇ ਪਿਛਲੇ ਮਹੀਨੇ 'ਚ ਤਿੰਨ ਮੁੱਖ ਹਥਿਆਰਾਂ- ਰਾਇਫਲ, ਕਾਰਬਾਈਨ ਤੇ ਲਾਈਟ ਮਸ਼ੀਨਗਨਾਂ ਦੀ ਖਰੀਦ 'ਚ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਹੈ। ਜਨਵਰੀ 'ਚ ਹੀ 72,400 ਰਾਇਫਲਾਂ ਤੇ 93,895 ਕਾਰਬਾਈਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਰੱਖਿਆ ਖਰੀਦ ਪ੍ਰੀਸ਼ਦ ਦੀ ਮੰਗਲਵਾਰ ਨੂੰ ਬੈਠਕ ਹੋਈ, ਜਿਸ 'ਚ 15,935 ਕਰੋੜ ਰੁਪਏ ਦੀ ਖਰੀਦ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਤਹਿਤ ਤਿੰਨਾਂ ਫੌਜਾਂ ਦੇ ਲਈ ਲੋੜ ਦੇ ਅਨੁਸਾਰ ਹਲਕੀਆਂ ਮਸ਼ੀਨਗਨਾਂ ਨੂੰ ਫਾਸਟ ਟ੍ਰੈਕ ਤਰੀਕੇ ਨਾਲ ਖਰੀਦਣ ਦਾ ਪ੍ਰਸਤਾਵ ਸ਼ਾਮਲ ਹੈ, ਜਿਸ ਦੀ ਲਾਗਤ 1819 ਕਰੋੜ ਰੁਪਏ ਹੋਣ ਦੀ ਉਮੀਦ ਹੈ। ਮੁਮਕਿਨ ਹੈ ਕਿ ਸਰਕਾਰ ਦੇ ਚੋਟੀ ਦੇ ਪੱਧਰ 'ਤੇ ਖਰੀਦ ਲਈ ਸਮਝੋਤਾ ਹੋਵੇ। ਇਸ ਨਾਲ ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਆਪ੍ਰੇਸ਼ਨਲ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਬਾਕੀ ਲਾਈਟ ਮਸ਼ੀਨਗਨਾਂ ਖਰੀਦਣ ਦਾ ਵਿਚਾਰ ਅਲੱਗ ਤੋਂ ਵਿਚਾਰਅਧੀਨ ਹੈ।
ਰੱਖਿਆ ਖਰੀਦ 'ਚ ਤਿੰਨਾਂ ਫੌਜਾਂ ਲਈ 7.4 ਲੱਖ ਅਸਾਲਟ ਰਾਇਫਲ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਕਟਰੀ ਬੋਰਡ ਤੇ ਪ੍ਰਾਈਵੇਟ ਇੰਡਸਟ੍ਰੀਜ਼ ਦੋਵਾਂ ਨਾਲ ਮਿਲ ਕੇ ਖਰੀਦੇ ਜਾਣਗੇ। ਇਸ ਦੀ ਲਾਗਤ 12,280 ਕਰੋੜ ਹੋਣ ਦਾ ਅਨੁਮਾਨ ਹੈ। ਪ੍ਰੀਸ਼ਦ ਨੇ 5,719 ਸਨਾਈਪਰ ਰਾਇਫਲਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜੋ ਫੌਜ ਤੇ ਹਵਾਈ ਫੌਜ ਲਈ ਹੋਵੇਗੀ। ਇਸ ਦੀ ਅਨੁਮਨਿਤ ਲਾਗਤ 983 ਕਰੋੜ ਰੁਪਏ ਹੋਵੇਗੀ। ਭਾਰਤੀ ਨੇਵੀ ਦੀ ਪਣਡੁੱਬੀ ਰੋਕੂ ਸਮਰਥਾ ਵਧ ਸਕੇ, ਇਸ ਦੇ ਲਈ ਮਾਰੀਚ ਸਿਸਟਮ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਰੱਖਿਆ ਸੰਗਠਨ ਡੀ.ਆਰ.ਡੀ.ਓ. ਨੇ ਦੇਸ਼ 'ਚ ਹੀ ਇਸ ਸਿਸਟਮ ਦਾ ਵਿਕਾਸ ਕੀਤਾ ਹੈ ਤੇ ਇਸ ਦਾ ਟ੍ਰਾਇਲ ਸਫਲਤਾਪੂਰਨ ਪੂਰਾ ਹੋ ਚੁੱਕਾ ਹੈ। ਮਾਰੀਚ ਸਿਸਟਮ ਨੂੰ ਭਾਰਤ ਇਲੈਕਟ੍ਰਾਨਿਕਸ ਲਿਮਟਡ ਬੈਂਗਲੁਰੂ 850 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰੇਗਾ।


Related News