ਭਾਰਤ ਖਰੀਦੇਗਾ ਅਮਰੀਕਾ ਤੋਂ ''ਅਸਾਲਟ ਰਾਈਫਲਾਂ'', ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ
Saturday, Feb 02, 2019 - 03:49 PM (IST)
 
            
            ਨਵੀਂ ਦਿੱਲੀ (ਭਾਸ਼ਾ)— ਰੱਖਿਆ ਮੰਤਰਾਲੇ ਨੇ ਪੈਦਲ ਫੌਜ ਦੇ ਆਧੁਨਿਕੀਕਰਨ ਵੱਲ ਅਹਿਮ ਕਦਮ ਚੁੱਕਦੇ ਹੋਏ ਅਮਰੀਕਾ ਤੋਂ ਕਰੀਬ 73,000 'ਅਸਾਲਟ ਰਾਈਫਲ' ਖਰੀਦਣ ਦੇ ਫੌਜ ਦੇ ਲੰਬੇ ਸਮੇਂ ਤੋਂ ਪੈਂਡਿੰਗ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਨ੍ਹਾਂ ਰਾਈਫਲਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਵਰਤੋਂ ਚੀਨ ਨਾਲ ਲੱਗਦੀ ਕਰੀਬ 3600 ਕਿਲੋਮੀਟਰ ਲੰਬੀ ਸਰਹੱਦ 'ਤੇ ਤਾਇਨਾਤ ਜਵਾਨ ਕਰਨਗੇ। 
ਸੂਤਰਾਂ ਮੁਤਾਬਕ ਅਮਰੀਕੀ ਫੋਰਸ ਦੇ ਨਾਲ-ਨਾਲ ਕਈ ਹੋਰ ਯੂਰਪੀ ਦੇਸ਼ ਵੀ ਇਨ੍ਹਾਂ ਰਾਈਫਲਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਨੂੰ ਤੁਰੰਤ ਖਰੀਦ ਪ੍ਰਕਿਰਿਆ ਤਹਿਤ ਖਰੀਦਿਆ ਜਾ ਸਕਦਾ ਹੈ। ਸੌਦੇ ਵਿਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਠੇਕਾ ਇਕ ਹਫਤੇ ਵਿਚ ਤੈਅ ਹੋਣ ਦੀ ਉਮੀਦ ਹੈ। ਅਮਰੀਕੀ ਕੰਪਨੀ ਨੂੰ ਸੌਦਾ ਤੈਅ ਹੋਣ ਦੀ ਤਰੀਕ ਤੋਂ ਇਕ ਸਾਲ ਦੇ ਅੰਦਰ ਰਾਈਫਲਾਂ ਨੂੰ ਭੇਜਣਾ ਹੋਵੇਗਾ। ਰੱਖਿਆ ਮੰਤਰਾਲੇ ਸੁਰੱਖਿਆ ਦੇ ਖਤਰਿਆਂ 'ਤੇ ਵਿਚਾਰ ਕਰਦੇ ਹੋਏ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਤੁਰੰਤ ਖਰੀਦ 'ਤੇ ਜ਼ੋਰ ਦੇ ਰਿਹਾ ਹੈ। ਅਕਤੂਬਰ 2017 ਵਿਚ ਫੌਜ ਨੇ ਕਰੀਬ 7 ਲੱਖ ਰਾਈਫਲਾਂ, 44,000 ਲਾਈਟ ਮਸ਼ੀਨ ਗਨ ਅਤੇ ਕਰੀਬ 44,600 ਕਾਰਬਾਈਨ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            