ਮਾਣਹਾਨੀ ਮਾਮਲਾ; ਮੇਧਾ ਪਾਟਕਰ ਨੂੰ 5 ਮਹੀਨੇ ਦੀ ਜੇਲ੍ਹ

07/02/2024 9:32:23 AM

ਨਵੀਂ ਦਿੱਲੀ- ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟਕਰ ਅਤੇ ਦਿੱਲੀ ਦੇ ਮੌਜੂਦਾ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵਿਚਾਲੇ ਖਿੱਚੋਂਤਾਣ ਕਰੀਬ ਢਾਈ ਦਹਾਕੇ ਪੁਰਾਣੀ ਹੈ। ਦਿੱਲੀ ਦੀ ਇਕ ਅਦਾਲਤ ਨੇ ਸਮਾਜਿਕ ਕਾਰਕੁੰਨ ਮੇਧਾ ਪਾਟਕਰ ਨੂੰ 23 ਸਾਲ ਪੁਰਾਣੇ ਮਾਣਹਾਨੀ ਦੇ ਇਕ ਮਾਮਲੇ 'ਚ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਸਾਲ 2001 ਵਿਚ ਦਾਇਰ ਇਸ ਮਾਮਲੇ ਵਿਚ ਅਦਾਲਤ ਨੇ 24 ਮਈ 2024 ਨੂੰ ਮੇਧਾ ਨੂੰ ਦੋਸ਼ੀ ਠਹਿਰਾ ਦਿੱਤਾ ਸੀ। ਇਹ ਮਾਮਲਾ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਉਨ੍ਹਾਂ ਖਿਲਾਫ ਉਸ ਸਮੇਂ ਦਾਇਰ ਕੀਤਾ ਸੀ ਜਦੋਂ ਉਹ (ਸਕਸੈਨਾ) ਗੁਜਰਾਤ ’ਚ ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਦੇ ਮੁਖੀ ਸਨ।

ਹਾਲਾਂਕਿ ਅਦਾਲਤ ਨੇ ਹੁਕਮਾਂ ਵਿਰੁੱਧ ਅਪੀਲ ਦਾਇਰ ਕਰਨ ਦਾ ਮੌਕਾ ਦੇਣ ਲਈ ਸਜ਼ਾ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ। 24 ਮਈ ਨੂੰ ਅਦਾਲਤ ਨੇ ਕਿਹਾ ਸੀ ਕਿ ਸਕਸੈਨਾ ਨੂੰ ‘ਦੇਸ਼ਭਗਤ ਨਹੀਂ, ਸਗੋਂ ਕਾਇਰ ਕਹਿਣ ਵਾਲਾ ਅਤੇ ਹਵਾਲਾ ਲੈਣ-ਦੇਣ ’ਚ ਸ਼ਮੂਲੀਅਤ ਦਾ ਦੋਸ਼ ਲਗਾਉਣ ਸਬੰਧੀ ਪਾਟਕਰ ਦਾ ਬਿਆਨ ਨਾ ਸਿਰਫ਼ ਆਪਣੇ-ਆਪ ’ਚ ਮਾਣਹਾਨੀ ਦੇ ਬਰਾਬਰ ਸੀ, ਸਗੋਂ ਨਕਾਰਾਤਮਕ ਧਾਰਨਾ ਨੂੰ ਭੜਕਾਉਣ ਲਈ ਵੀ ਤਿਆਰ ਕੀਤਾ ਗਿਆ ਸੀ।

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੇਧਾ ਪਾਟਕਰਦੀ ਉਮਰ, ਸਿਹਤ ਅਤੇ ਸਮੇਂ ਨੂੰ ਵੇਖਦੇ ਹੋਏ ਜ਼ਿਆਦਾ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ। ਇਸ ਅਪਰਾਧ ਲਈ ਵੱਧ ਤੋਂ ਵੱਧ 2 ਸਾਲ ਦੀ ਸਾਧਾਰਣ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦੀ ਵਿਵਸਥਾ ਸੀ। ਹਾਲਾਂਕਿ ਅਦਾਲਤ ਨੇ ਸਜ਼ਾ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ, ਤਾਂ ਕਿ ਮੇਧਾ ਆਦੇਸ਼ ਖਿਲਾਫ ਅਪੀਲ ਦਾਇਰ ਕਰ ਸਕੇ। ਅਦਾਲਤ ਨੇ ਪ੍ਰੋਬੇਸ਼ਨ 'ਤੇ ਰਿਹਾਅ ਕਰਨ ਦੇ ਮੇਧਾ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। ਮੇਧਾ ਅਤੇ ਵੀ. ਕੇ. ਸਕਸੈਨਾ ਕਰੀਬ ਢਾਈ ਦਹਾਕੇ ਤੋਂ ਇਕ ਦੂਜੇ ਦੇ ਧੁਰ ਵਿਰੋਧੀ ਰਹੇ ਹਨ। ਦੋਹਾਂ ਨੇ ਇਕ-ਦੂਜੇ ਵਿਰੁੱਧ ਮਾਣਹਾਨੀ ਨਾਲ ਜੁੜੇ ਮਾਮਲੇ ਦਰਜ ਕਰਵਾਏ ਸਨ। ਸਕਸੈਨਾ ਦੇ ਦਿੱਲੀ ਦੇ ਉੱਪ ਰਾਜ ਨਿਯੁਕਤ ਹੋਣ 'ਤੇ ਵੀ ਮੇਧਾ ਨੇ ਅਸੰਤੋਸ਼ ਜਤਾਇਆ ਸੀ।


Tanu

Content Editor

Related News