ਦੀਪ ਸਿੱਧੂ ਨੇ ‘ਸੁਰੱਖਿਆ ਦੀ ਮੰਗ’ ਵਾਲੀ ਪਟੀਸ਼ਨ ਲਈ ਵਾਪਸ, ਅਦਾਲਤ ਨੇ ਕਿਹਾ-ਅਸਲ ਤਸਵੀਰ ਆਵੇੇ ਸਾਹਮਣੇ

02/27/2021 2:07:17 PM

ਨਵੀਂ ਦਿੱਲੀ— ਗਣਤੰਤਰ ਦਿਵਸ ਹਿੰਸਾ ਮਾਮਲੇ ’ਚ ਦੋਸ਼ੀ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਜੇਲ੍ਹ ’ਚ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਕੋਰਟ ਤੋਂ ਵਾਪਸ ਲੈ ਲਈ ਹੈ। ਸਿੱਧੂ ਨੂੰ ਇਕ ਵੱਖਰੇ ਸੈੱਲ ’ਚ ਸ਼ਿਫਟ ਕੀਤੇ ਜਾਣ ਮਗਰੋਂ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਵਾਪਸ ਲਈ ਹੈ। ਓਧਰ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਗਜਿੰਦਰ ਸਿੰਘ ਨਾਗਰ ਨੂੰ ਕਿਹਾ ਕਿ ਅਸੀਂ ਸੁਰੱਖਿਆ ਦੀ ਅਪੀਲ ਨੂੰ ਵਾਪਸ ਲੈ ਰਹੇ ਹਾਂ, ਕਿਉਂਕਿ ਮੇਰੇ ਮੁਵੱਕਿਲ ਨੂੰ ਪਹਿਲਾਂ ਹੀ ਜੇਲ੍ਹ ਵਿਚਲੇ ਵੱਖਰੇ ਸੈੱਲ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਿੱਧੂ ਇਸ ਸਮੇਂ ਤਿਹਾੜ ਜੇਲ੍ਹ ਵਿਚ ਨਿਆਂਇਕ ਹਿਰਾਸਤ ਤਹਿਤ ਬੰਦ ਹਨ। 

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ: 14 ਦਿਨਾਂ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਗਿਆ ਦੀਪ ਸਿੱਧੂ

ਇਸ ਤੋਂ ਇਲਾਵਾ ਸਿੱਧੂ ਨੇ ਇਸ ਹਿੰਸਾ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਇਕ ਅਦਾਲਤ ’ਚ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ 26 ਜਨਵਰੀ ਨੂੰ ਆਯੋਜਿਤ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਨੂੰ ਨਹੀਂ ਭੜਕਾਇਆ, ਸਗੋਂ ਭੀੜ ਨੂੰ ਸ਼ਾਂਤ ਕਰ ਕੇ ਪੁਲਸ ਦੀ ਹੀ ਮਦਦ ਕੀਤੀ। ਸਿੱਧੂ ਦੀ ਇਸ ਪਟੀਸ਼ਨ ’ਤੇ ਅਦਾਲਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਸ ਸਿਰਫ਼ ਮੁਲਜ਼ਮ ਨੂੰ ਦੋਸ਼ੀ ਸਾਬਤ ਕਰਨ ਲਈ ਸਬੂਤ ਹੀ ਇਕੱਠੇ ਨਹੀਂ ਕਰੇਗੀ, ਸਗੋਂ ਉਹ ਅਸਲ ਤਸਵੀਰ ਸਾਹਮਣੇ ਲਿਆਵੇਗੀ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਸਿੱਧੂ ਫਰਜ਼ੀ ਸਬੂਤ ਘੜ੍ਹ ਕੇ ਜਾਂਚ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾ ਸਕਦੀ ਹੈ। ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਕਿਹਾ ਕਿ ਉਹ ਲਾਲ ਕਿਲ੍ਹੇ ’ਤੇ ਹੋਈ ਘਟਨਾ ਨੂੰ ਭੜਕਾਉਣ ਵਾਲਾ ਵਿਅਕਤੀ ਨਹੀਂ ਸੀ, ਜਿਵੇਂ ਕਿ ਪੁਲਸ ਦੋਸ਼ ਲਾ ਰਹੀ ਹੈ। ਗੁਪਤਾ ਨੇ ਦਾਅਵਾ ਕੀਤਾ ਕਿ ਉਸ ਦਾ ਕੋਈ ਅਜਿਹਾ ਵੀਡੀਓ ਨਹੀਂ ਹੈ, ਜਿਸ ’ਚ ਉਹ ਲੋਕਾਂ ਨੂੰ ਲਾਲ ਕਿਲ੍ਹੇ ’ਤੇ ਇਕੱਠੇ ਹੋਣ ਨੂੰ ਕਹਿ ਰਿਹਾ ਹੋਵੇ। ਉਹ ਸਿਰਫ ਇਕ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਸੀ। 

ਇਹ ਵੀ ਪੜ੍ਹੋ: ਦੀਪ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, 7 ਦਿਨਾਂ ਲਈ ਹੋਰ ਵਧਾਇਆ ਗਿਆ ਪੁਲਸ ਰਿਮਾਂਡ

ਦੱਸ ਦੇਈਏ ਕਿ ਦਿੱਲੀ ਪੁਲਸ ਨੇ 9 ਫਰਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਦੀਪ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਉਸ ਨੂੰ 7 ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਗਿਆ ਸੀ। 16 ਫਰਵਰੀ ਨੂੰ ਕੋਰਟ ਨੇ ਸਿੱਧੂ ਦੀ ਪੁਲਸ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਸੀ। 23 ਫਰਵਰੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਸ ਨਾਲ ਝੜਪ ਹੋਈ ਸੀ। ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਇਕ ਵੱਡਾ ਹਿੱਸਾ ਲਾਲ ਕਿਲ੍ਹਾ ਕੰਪਲੈਕਸ ’ਚ ਦਾਖ਼ਲ ਹੋ ਗਿਆ ਅਤੇ ਉੱਥੇ ਕੇਸਰੀ ਝੰਡਾ ਲਹਿਰਾਇਆ ਗਿਆ। 

ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ


Tanu

Content Editor

Related News