ਤਾਲਾਬੰਦੀ ''ਚ ਮਜ਼ਦੂਰਾਂ ਦੀ ਮੌਤ ਦਾ ਮੁੱਦਾ: ਰਾਹੁਲ ਬੋਲੇ- ''ਇਕ ਮੋਦੀ ਸਰਕਾਰ ਹੈ, ਜਿਸ ਨੂੰ ਖ਼ਬਰ ਨਾ ਹੋਈ''

09/15/2020 11:28:10 AM

ਨਵੀਂ ਦਿੱਲੀ— ਪ੍ਰਵਾਸੀ ਮਜ਼ਦੂਰਾਂ ਦੇ ਮੌਤ ਦੇ ਅੰਕੜੇ ਬਾਰੇ ਸਰਕਾਰ ਨੂੰ ਨਾ ਪਤਾ ਹੋਣ 'ਤੇ ਸਿਆਸਤ ਗਰਮਾ ਗਈ ਹੈ। ਦਰਅਸਲ ਤਾਲਾਬੰਦੀ ਦੌਰਾਨ ਜਾਨ ਗਵਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਅੰਕੜਾ ਸਰਕਾਰ ਕੋਲ ਨਹੀਂ ਹੈ, ਜਿਸ 'ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਜੇਕਰ ਪ੍ਰਵਾਸੀਆਂ ਦੀ ਮੌਤ ਦਾ ਰਿਕਾਰਡ ਨਹੀਂ ਰੱਖਿਆ ਤਾਂ ਕੀ ਮੌਤਾਂ ਨਹੀਂ ਹੋਈਆਂ? 

PunjabKesari

ਰਾਹੁਲ ਗਾਂਧੀ ਨੇ ਟਵਿੱਟਰ 'ਤੇ ਟਵੀਟ ਕਰਕੇ ਸਰਕਾਰ ਨੂੰ ਸਵਾਲ ਕੀਤਾ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਤਾਲਾਬੰਦੀ 'ਚ ਕਿੰਨੇ ਪ੍ਰਵਾਸੀ ਮਜ਼ਦੂਰ ਮਰੇ ਅਤੇ ਕਿੰਨੀਆਂ ਨੌਕਰੀਆਂ ਗਈਆਂ। ਤੁਸੀਂ ਨਾ ਗਿਣਿਆ ਤਾਂ ਕੀ ਮੌਤ ਨਾ ਹੋਈ? ਹਾਂ ਪਰ ਦੁੱਖ ਹੈ ਸਰਕਾਰ 'ਤੇ ਅਸਰ ਨਾ ਹੋਇਆ, ਉਨ੍ਹਾਂ ਦਾ ਮਰਨਾ ਦੇਖਿਆ ਜ਼ਮਾਨੇ ਨੇ, ਇਕ ਮੋਦੀ ਸਰਕਾਰ ਹੈ, ਜਿਸ ਨੂੰ ਖ਼ਬਰ ਨਾ ਹੋਈ। 

ਇਹ ਵੀ ਪੜ੍ਹੋ: ਸੰਸਦ 'ਚ ਤਾਲਾਬੰਦੀ ਸਮੇਂ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਗਈ ਸਵਾਲ 'ਤੇ ਸਰਕਾਰ ਨੇ ਕਿਹਾ- ਪਤਾ ਨਹੀਂ

ਦੱਸਣਯੋਗ ਹੈ ਕਿ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਕੇਂਦਰ ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦਾ ਕੋਈ ਅੰਕੜਾ ਨਹੀਂ ਹੈ। ਕੇਂਦਰੀ ਲੇਬਰ ਅਤੇ ਰੋਜ਼ਗਾਰ ਮੰਤਰਾਲਾ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਕੋਈ ਡਾਟਾ ਉਪਲੱਬਧ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ 25 ਮਾਰਚ ਤੋਂ ਦੇਸ਼ ਭਰ ਵਿਚ ਤਾਲਾਬੰਦੀ ਕਰ ਦਿੱਤੀ ਗਈ ਸੀ। ਜਿਸ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਲਾਇਨ ਕੀਤਾ ਸੀ, ਜਿਸ 'ਚ ਕਈਆਂ ਦੀ ਮੌਤ ਰਾਹ ਵਿਚ ਵੱਖ-ਵੱਖ ਕਾਰਨਾਂ ਕਰ ਕੇ ਹੋਈ ਸੀ। ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋਇਆ ਹੈ, ਲੋਕ ਸਭਾ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ। ਜਿਸ 'ਤੇ  ਸਰਕਾਰ ਨੇ ਕਿਹਾ ਸੀ ਕਿ ਉਸ ਕੋਲ ਕੋਈ ਡਾਟਾ ਨਹੀਂ ਹੈ।


Tanu

Content Editor

Related News