ਭਾਜਪਾ ਆਗੂ ਦੇ ਕਤਲ ਦੇ ਮਾਮਲੇ ’ਚ ਪੀ. ਐੱਫ. ਆਈ. ਦੇ 15 ਮੈਂਬਰਾਂ ਨੂੰ ਮੌਤ ਦੀ ਸਜ਼ਾ

01/30/2024 8:21:56 PM

ਅਲਾਪੁਝਾ, (ਭਾਸ਼ਾ)- ਕੇਰਲ ਦੀ ਇਕ ਅਦਾਲਤ ਨੇ 19 ਦਸੰਬਰ 2021 ਨੂੰ ਅਲਾਪੁਝਾ ਜ਼ਿਲੇ ’ਚ ਭਾਰਤੀ ਜਨਤਾ ਪਾਰਟੀ ਦੀ ਅਦਰ ਬੈਕਵਰਡ ਕਲਾਸ (ਓ.ਬੀ.ਸੀ.) ਸ਼ਾਖਾ ਦੇ ਨੇਤਾ ਰਣਜੀਤ ਸ਼੍ਰੀਨਿਵਾਸਨ ਦਾ ਕਤਲ ਨਾਲ ਜੁੜੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦੇ 15 ਮੈਂਬਰਾਂ ਨੂੰ ਮੰਗਲਵਾਰ ਮੌਤ ਦੀ ਸਜ਼ਾ ਸੁਣਾਈ। ਮਾਮਲੇ ਦੇ ਵਿਸ਼ੇਸ਼ ਸਰਕਾਰੀ ਵਕੀਲ ਨੇ ਇਹ ਜਾਣਕਾਰੀ ਦਿੱਤੀ।

ਵਧੀਕ ਜ਼ਿਲਾ ਜੱਜ ਮਾਵੇਲੀਕਾਰਾ ਵੀ.ਜੀ. ਸ਼੍ਰੀਦੇਵੀ ਨੇ ਦੋਸ਼ੀਆਂ ਨੂੰ ਇਹ ਸਜ਼ਾ ਸੁਣਾਈ। ਦੋਸ਼ੀ ਠਹਿਰਾਏ ਗਏ 15 ਮੈਂਬਰਾਂ ਵਿੱਚੋਂ 14 ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਜੱਜ ਨੇ ਜ਼ੁਬਾਨੀ ਕਿਹਾ ਕਿ ਸਜ਼ਾ ਉਸ ਦੋਸ਼ੀ ’ਤੇ ਵੀ ਲਾਗੂ ਹੋਵੇਗੀ, ਜਿਸ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ 20 ਜਨਵਰੀ ਨੂੰ ਇਸ ਮਾਮਲੇ ਵਿੱਚ 15 ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਸੀ।

ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੀਨਿਵਾਸਨ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਤੋਂ ਸੰਤੁਸ਼ਟ ਹਨ। ਇਸਤਗਾਸਾ ਪੱਖ ਨੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਪੀ. ਐੱਫ. ਆਈ. ਦੇ ਇਹ ਮੈਂਬਰ ਇੱਕ ‘ਸਿਖਿਅਤ ਕਿਲਿੰਗ ਸਕੁਐਡ’ ਨਾਲ ਸਬੰਧਤ ਸਨ । ਜਿਸ ਬੇਰਹਿਮੀ ਅਤੇ ਘਿਨਾਉਣੇ ਢੰਗ ਨਾਲ ਪੀੜਤ ਨੂੰ ਉਸ ਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਕਤਲ ਕੀਤਾ ਗਿਆ, ਇਸ ਨੂੰ ਅਪਰਾਧਾਂ ਦੀ ‘ਦੁਰਲਭ ਤੋ ਦੁਰਲਭਤਮ’ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।

ਰਾਜਸਥਾਨ ’ਚ ਪੀ. ਐੱਫ. ਆਈ. ਦੇ 3 ਮੈਂਬਰਾਂ ਖਿਲਾਫ ਦੋਸ਼ ਆਇਦ

ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੁਸਲਿਮ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ 2047 ਤੱਕ ਭਾਰਤ ਵਿੱਚ ਇਸਲਾਮਿਕ ਰਾਜ ਸਥਾਪਤ ਕਰਨ ਲਈ ਲੜਨ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਪੀ. ਐੱਫ. ਆਈ. ਦੇ 3 ਕਾਰਕੁਨਾਂ ਖਿਲਾਫ ਦੋਸ਼ ਆਇਦ ਕੀਤੇ ਗਏ ਹਨ।

ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੀਆਂ ਗੈਰ-ਕਾਨੂੰਨੀ ਅਤੇ ਦੇਸ਼ ਵਿਰੋਧੀ ਸਰਗਰਮੀਆਂ ਨੂੰ ਰੋਕਣ ਲਈ ਕਾਰਵਾਈ ਕਰਦੇ ਹੋਏ ਰਾਜਸਥਾਨ ਪੀ.ਐੱਫ.ਆਈ. ਸਾਜ਼ਿਸ਼ ਮਾਮਲੇ ’ਚ ਵਜੀਲ ਅਲੀ, ਮੁਬਾਰਕ ਅਲੀ ਅਤੇ ਸ਼ਮਸ਼ੇਰ ਖਾਨ ਵਿਰੁੱੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ।


Rakesh

Content Editor

Related News