5 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ
Thursday, Jun 30, 2022 - 05:40 PM (IST)

ਅਗਰਤਲਾ– ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਦੀ ਇਕ ਅਦਾਲਤ ਨੇ 5 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਕਰਨ ਦੇ ਮਾਮਲੇ ਵਿਚ 22 ਸਾਲਾ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਪਿਛਲੇ ਸਾਲ ਫਰਵਰੀ ਦਾ ਹੈ। ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ੰਕਰੀ ਦਾਸ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ 35 ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਆਪਣਾ ਫ਼ੈਸਲਾ ਸੁਣਾਇਆ। ਦਰਅਸਲ 22 ਫਰਵਰੀ 2021 ਨੂੰ ਨਿਸ਼ਾਨ ਚੰਦਰ ਪਾੜਾ ਇਲਾਕੇ 'ਚ ਸਥਿਤ ਆਪਣੇ ਘਰ ਤੋਂ 5 ਸਾਲ ਦੀ ਬੱਚੀ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਤੇਲਿਆਮੁਰਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਕੁੜੀ ਦੇ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਮੁੰਡੇ ਨੂੰ ਹਿਰਾਸਤ ਵਿਚ ਲੈ ਲਿਆ ਸੀ। ਖੋਵਈ ਦੇ SP ਭਾਨੂਪਦਾ ਚੱਕਰਵਰਤੀ ਨੇ ਵੀਰਵਾਰ ਨੂੰ ਕਿਹਾ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੌਜਵਾਨ ਨੇ ਕਬੂਲ ਕੀਤਾ ਕਿ ਉਸ ਨੇ ਇਹ ਅਪਰਾਧ ਕੀਤਾ ਹੈ। ਪੁਲਸ ਨੇ ਦੋਸ਼ੀ ਨੂੰ ਜੰਗਲ ਵਿਚ ਲਿਜਾ ਕੇ ਕੁੜੀ ਦੀ ਲਾਸ਼ ਬਰਾਮਦ ਕੀਤੀ ਸੀ। ਪੁਲਸ ਸੁਪਰਡੈਂਟ ਨੇ ਕਿਹਾ ਜਾਂਚ ਅਧਿਕਾਰੀ ਬਿਦੇਸ਼ਵਰ ਸਿਨਹਾ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਪਰਾਧ ਦੇ 28 ਦਿਨਾਂ ਦੇ ਅੰਦਰ ਹੇਠਲੀ ਅਦਾਲਤ ਵਿਚ ਦੋਸ਼ੀ ਖ਼ਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਲੋੜੀਂਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਦੋਸ਼ੀ ਨੂੰ ਖੋਵਾਈ ਸਬ-ਜੇਲ੍ਹ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਇਸ ਲਈ ਹਾਈ ਕੋਰਟ ਦੀ ਮਨਜ਼ੂਰੀ ਲੈਣੀ ਪਵੇਗੀ। ਜੇਕਰ ਹਾਈ ਕੋਰਟ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੀ ਹੈ ਤਾਂ ਜੇਲ੍ਹ ਅਥਾਰਟੀ ਕਾਨੂੰਨ ਅਨੁਸਾਰ ਜ਼ਰੂਰੀ ਕਦਮ ਚੁੱਕੇਗੀ।