ਕੋਰੋਨਾ ਦਾ ਕਹਿਰ, ਜਾਮਾ ਮਸੀਤ ਦੇ ਸ਼ਾਹੀ ਇਮਾਮ ਦੇ PRO ਦੀ ਮੌਤ

Wednesday, Jun 10, 2020 - 02:31 PM (IST)

ਕੋਰੋਨਾ ਦਾ ਕਹਿਰ, ਜਾਮਾ ਮਸੀਤ ਦੇ ਸ਼ਾਹੀ ਇਮਾਮ ਦੇ PRO ਦੀ ਮੌਤ

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ 9 ਹਜ਼ਾਰ ਤੋਂ ਵਧੇਰੇ ਕੇਸ ਸਾਹਮਣੇ ਆ ਰਹੇ ਹਨ। ਰਾਜਧਾਨੀ ਦਿੱਲੀ ਵੀ ਕੋਰੋਨਾ ਦੀ ਮਾਰ ਤੋਂ ਬਚੀ ਨਹੀਂ ਹੈ, ਇੱਥੇ 31 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦਰਮਿਆਨ ਖ਼ਬਰ ਸਾਹਮਣੇ ਆਈ ਹੈ ਕਿ ਦਿੱਲੀ ਦੀ ਜਾਮਾ ਮਸੀਤ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਦੇ ਜਨ ਸੰਪਰਕ ਅਧਿਕਾਰੀ (ਪੀ. ਆਰ. ਓ.) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਬੁਖਾਰੀ ਦੇ ਪੀ. ਆਰ. ਓ. ਅਮਾਨਤੁੱਲਾ ਬੀਤੀ ਰਾਤ ਕੋਰੋਨਾ ਤੋਂ ਜੰਗ ਹਾਰ ਗਏ ਹਨ। ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। 

ਦੱਸਿਆ ਜਾ ਰਿਹਾ ਹੈ ਕਿ ਅਮਾਨਤੁੱਲਾ ’ਚ ਪਿਛਲੇ ਹਫਤੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਇਸ ਤੋਂ ਬਾਅਦ ਅਮਾਨਤੁੱਲਾ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਪਰ ਉਹ ਕੋਰੋਨਾ ਤੋਂ ਜੰਗ ਹਾਰ ਗਏ ਅਤੇ ਮੰਗਲਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਜਾਮਾ ਮਸੀਤ ਨਾਲ ਜੁੜੇ ਕਾਮਿਆਂ ਦੀ ਮੌਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਰਕਾਰ ਦੇ ਆਦੇਸ਼ ਤੋਂ ਬਾਅਦ ਬੀਤੀ 8 ਜੂਨ 2020 ਤੋਂ ਜਾਮਾ ਮਸੀਤ ਵੀ ਖੋਲ੍ਹ ਦਿੱਤੀ ਗਈ ਹੈ, ਜਿੱਥੇ ਲੋਕ ਨਮਾਜ਼ ਅਦਾ ਕਰ ਰਹੇ ਹਨ। ਦਿੱਲੀ ਕੋਰੋਨਾ ਦੀ ਗੰਭੀਰ ਸਥਿਤੀ ਵਿਚ ਪਹੁੰਚ ਗਈ ਹੈ। ਦਿੱਲੀ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਨਾਲ ਜੁੜਿਆ ਕੋਰੋਨਾ ਦਾ ਇਹ ਮਾਮਲਾ ਕਾਫੀ ਚਿੰਤਾਜਨਕ ਹੈ। ਓਧਰ ਇਮਾਮ ਬੁਖਾਰੀ ਨੇ ਖੁਦ ਲੋਕਾਂ ਨੂੰ ਅਪੀਲ ਕਰਨ ਦੇ ਨਾਲ-ਨਾਲ ਰਾਇ ਵੀ ਮੰਗੀ ਹੈ ਕਿ ਕੁਝ ਸਮੇਂ ਲਈ ਮਸਜਿਦ ਨੂੰ ਬੰਦ ਰੱਖਿਆ ਜਾਵੇ, ਤਾਂ ਕਿ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਿਆ ਜਾ ਸਕੇ।


author

Tanu

Content Editor

Related News