ਦੁਖ਼ਦ ਖ਼ਬਰ: ਖੇਡ-ਖੇਡ ’ਚ ਕਾਰ ਅੰਦਰ ‘ਲਾਕ’ ਹੋਏ 3 ਬੱਚੇ, ਮਾਸੂਮ ਦੀ ਮੌਤ, ਭੈਣਾਂ ਦੀ ਹਾਲਤ ਗੰਭੀਰ
Monday, May 24, 2021 - 01:30 PM (IST)
ਬਦਾਯੂੰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਕੋਤਵਾਲੀ ਦਾਤਾਗੰਜ ਖੇਤਰ ਦੇ ਇਕ ਮੁਹੱਲੇ ’ਚ ਖੇਡ-ਖੇਡ ’ਚ ਕਾਰ ਅੰਦਰੋਂ ਲਾਕ ਹੋਣ ਕਾਰਨ ਉਸ ’ਚ ਬੈਠੇ ਤਿੰਨ ਬੱਚਿਆਂ ਵਿਚੋਂ ਇਕ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਦੋ ਬੱਚੀਆਂ ਦੀ ਹਾਲਤ ਗੰਭੀਰ ਹੈ। ਦੋਹਾਂ ਕੁੜੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਕੋਤਵਾਲੀ ਦਾਤਾਗੰਜ ਖੇਤਰ ਦੇ ਮੁਹੱਲਾ ਪਰਾ ਵਾਸੀ ਕੈਸਰ ਅਲੀ ਦੀ ਧੀ ਦਾ ਐਤਵਾਰ ਨੂੰ ਵਿਆਹ ਸੀ, ਜਿਸ ’ਚ ਸ਼ਾਮਲ ਹੋਣ ਲਈ ਕਸਬਾ ਅਲਾਪੁਰ ਵਾਸੀ ਰਾਸ਼ਿਦ ਅਤੇ ਉਸ ਦਾ ਭਰਾ ਸਾਜਿਦ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਪੁੱਜੇ ਸਨ।
ਐਤਵਾਰ ਦੇਰ ਰਾਤ ਵਿਆਹ ਸਮਾਰੋਹ ਚੱਲ ਰਿਹਾ ਸੀ ਤਾਂ ਰਾਸ਼ਿਦ ਦੀਆਂ ਧੀਆਂ-ਆਸਿਫਾ (3) ਅਤੇ ਮੰਤਸ਼ਾ (5) ਅਤੇ ਸਾਜਿਦ ਦਾ 6 ਸਾਲਾ ਪੁੱਤਰ ਪੱਪੂ ਕਾਰ ’ਚ ਜਾ ਕੇ ਬੈਠ ਗਏ ਅਤੇ ਖੇਡ-ਖੇਡ ’ਚ ਕਾਰ ਅੰਦਰੋਂ ਬੰਦ (ਲਾਕ) ਹੋ ਗਈ। ਇਸ ਦੌਰਾਨ ਪਰਿਵਾਰ ਵਾਲੇ ਵਿਆਹ ਵਿਚ ਰੁੱਝੇ ਹੋਏ ਸਨ। ਕਾਫੀ ਦੇਰ ਬਾਅਦ ਜਦੋਂ ਬੱਚੇ ਨਜ਼ਰ ਨਹੀਂ ਆਏ ਤਾਂ ਮੁਹੱਲੇ ਅਤੇ ਆਲੇ-ਦੁਆਲੇ ਦੇ ਘਰਾਂ ’ਚ ਉਨ੍ਹਾਂ ਦੀ ਭਾਲ ਕੀਤੀ ਗਈ। ਇਸ ਦੌਰਾਨ ਕਿਸੇ ਨੇ ਤਿੰਨਾਂ ਬੱਚਿਆਂ ਨੂੰ ਕਾਰ ’ਚ ਬੇਹੋਸ਼ ਪਿਆ ਵੇਖਿਆ। ਤੁਰੰਤ ਤਿੰਨੋਂ ਬੱਚਿਆਂ ਨੂੰ ਦਾਤਾਗੰਜ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਮਾਸੂਮ 6 ਸਾਲਾ ਪੱਪੂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਦੋਵੇਂ ਬੱਚੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।