ਛੱਤ ''ਤੇ ਤਿਰੰਗਾ ਝੰਡਾ ਲਾਉਂਦਿਆਂ ਨੌਜਵਾਨ ਦੀ ਹਾਈ ਟੈਂਸ਼ਨ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਮੌਤ
Thursday, Aug 15, 2024 - 05:28 PM (IST)
ਨੈਸ਼ਨਲ ਡੈਸਕ : ਸੁਤੰਤਰਤਾ ਦਿਵਸ (15 ਅਗਸਤ) ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਕਸਬੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਤਿਰੰਗਾ ਝੰਡਾ ਲਗਾਉਣ ਲਈ ਆਪਣੀ ਦੁਕਾਨ ਦੀ ਛੱਤ 'ਤੇ ਚੜ੍ਹਿਆ ਸੀ, ਪਰ ਅਚਾਨਕ ਉਹ ਹਾਈ ਟੈਂਸ਼ਨ ਪਾਵਰ ਲਾਈਨ ਦੀ ਲਪੇਟ ਵਿਚ ਆ ਗਿਆ। ਬਿਜਲੀ ਦਾ ਕਰੰਟ ਲੱਗਣ ਨਾਲ ਉਹ ਛੱਤ ਤੋਂ ਹੇਠਾਂ ਡਿੱਗ ਗਿਆ।
ਇਹ ਘਟਨਾ ਸਿਕੰਦਰਰਾਊ ਦੇ ਖਿਜ਼ਰਗੰਜ ਇਲਾਕੇ ਦੀ ਹੈ, ਜਿੱਥੇ ਸੁਹੇਲ ਨਾਂ ਦਾ ਨੌਜਵਾਨ ਆਪਣੀ ਦੁਕਾਨ ਦੇ ਉੱਪਰ ਤਿਰੰਗਾ ਝੰਡਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਈ ਟੈਂਸ਼ਨ ਲਾਈਨ ਦੁਕਾਨ ਦੀ ਛੱਤ ਨੇੜਿਓਂ ਲੰਘ ਰਹੀ ਸੀ। ਜਿਵੇਂ ਹੀ ਸੁਹੇਲ ਨੇ ਝੰਡਾ ਲਹਿਰਾਇਆ ਤਾਂ ਉਹ ਬਿਜਲੀ ਦੀ ਲਾਈਨ ਦੀ ਲਪੇਟ ਵਿਚ ਆ ਗਿਆ। ਇਸ ਦੌਰਾਨ ਬਿਜਲੀ ਦਾ ਝਟਕਾ ਲੱਗਣ ਕਾਰਨ ਉਹ ਛੱਤ ਤੋਂ ਡਿੱਗ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਦੇਖਿਆ ਕਿ ਸੁਹੇਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਪਰਿਵਾਰ ਅਤੇ ਆਂਢ-ਗੁਆਂਢ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਨੇ ਹਾਈ ਟੈਂਸ਼ਨ ਲਾਈਨਾਂ ਦੇ ਅਸੁਰੱਖਿਅਤ ਪ੍ਰਬੰਧਾਂ ਨੂੰ ਲੈ ਕੇ ਨਗਰਪਾਲਿਕਾ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹਥਰਸ ਦੇ ਮੁਹੱਲਾ ਲਾਲਾ ਕਾ ਨਗਲਾ 'ਚ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਦੂਜੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸਥਾਨਕ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨਾਗਰਿਕ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ ਜਾਂ ਨਹੀਂ।