ਬਰਸੀ ਮੌਕੇ ਲਾਲ ਬਹਾਦਰ ਸ਼ਾਸਤਰੀ ਨੂੰ ਨਮਨ, ਜਾਣੋ ਉਨ੍ਹਾਂ ਦੇ ਸੰਘਰਸ਼ ਦੀ ਪੂਰੀ ਕਹਾਣੀ

Thursday, Jan 11, 2024 - 12:29 PM (IST)

ਬਰਸੀ ਮੌਕੇ ਲਾਲ ਬਹਾਦਰ ਸ਼ਾਸਤਰੀ ਨੂੰ ਨਮਨ, ਜਾਣੋ ਉਨ੍ਹਾਂ ਦੇ ਸੰਘਰਸ਼ ਦੀ ਪੂਰੀ ਕਹਾਣੀ

ਨਵੀਂ ਦਿੱਲੀ- ਲਾਲ ਬਹਾਦਰ ਸ਼ਾਸਤਰੀ ਜੀ ਇਕ ਪ੍ਰਸਿੱਧ ਭਾਰਤੀ ਸਿਆਸਤਦਾਨ, ਮਹਾਨ ਸੁਤੰਤਰਤਾ ਸੈਨਾਨੀ ਅਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ। ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇਣ ਵਾਲੇ ਸ਼ਾਸਤਰੀ ਜੀ ਦੀ ਅੱਜ ਬਰਸੀ ਹੈ। ਉਨ੍ਹਾਂ ਦਾ 11 ਜਨਵਰੀ 1966 ਨੂੰ ਦਿਹਾਂਤ ਹੋਇਆ ਸੀ। ਉਹ ਕਰੀਬ 18 ਮਹੀਨੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੇ ਅਗਵਾਈ ਵਿਚ ਭਾਰਤ ਨੇ 1965 ਦੀ ਜੰਗ 'ਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਤਾਸ਼ਕੰਦ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨਾਲ ਜੰਗ ਖ਼ਤਮ ਕਰਨ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਮਗਰੋਂ 11 ਜਨਵਰੀ 1966 ਦੀ ਰਾਤ ਨੂੰ ਰਹੱਸਮਈ ਹਲਾਤਾਂ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਜੀਵਨ ਜਾਣ-ਪਛਾਣ

ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਮੁਗਲਸਰਾਏ, ਉੱਤਰ ਪ੍ਰਦੇਸ਼ 'ਚ ਮੁਨਸ਼ੀ ਸ਼ਾਰਦਾ ਪ੍ਰਸਾਦ ਸ਼੍ਰੀਵਾਸਤਵ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ। ਇਸ ਲਈ ਸਾਰੇ ਉਨ੍ਹਾਂ ਨੂੰ ‘ਮੁਨਸ਼ੀ ਜੀ’ ਕਹਿ ਕੇ ਬੁਲਾਉਂਦੇ ਸਨ। ਬਾਅਦ ਵਿਚ ਮਾਲ ਵਿਭਾਗ 'ਚ ਕਲਰਕ ਦੀ ਨੌਕਰੀ ਕਰ ਲਈ। ਲਾਲ ਬਹਾਦਰ ਜੀ ਦੀ ਮਾਤਾ ਦਾ ਨਾਂ 'ਰਾਮਦੁਲਾਰੀ' ਸੀ। ਪਰਿਵਾਰ 'ਚ ਸਭ ਤੋਂ ਛੋਟਾ ਹੋਣ ਕਾਰਨ ਪਰਿਵਾਰ ਵਾਲੇ ਲਾਲ ਬਹਾਦਰ ਨੂੰ ਨੰਨੇ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਮੁੱਢਲੀ ਸਿੱਖਿਆ ਆਪਣੇ ਨਾਨਕੇ ਘਰ ਰਹਿ ਕੇ ਪ੍ਰਾਪਤ ਕੀਤੀ। ਉਸ ਦੀ ਅਗਲੀ ਸਿੱਖਿਆ ਹਰੀਸ਼ਚੰਦਰ ਹਾਈ ਸਕੂਲ ਅਤੇ ਕਾਸ਼ੀ ਵਿਦਿਆਪੀਠ ਵਿਚ ਹੋਈ। ਜਨਮ ਤੋਂ ਹੀ ਪ੍ਰਚਲਿਤ ਜਾਤੀ-ਸੰਬੰਧੀ ਸ਼ਬਦ ਸ਼੍ਰੀਵਾਸਤਵ ਨੂੰ ਹਮੇਸ਼ਾ ਲਈ ਹਟਾ ਦਿੱਤਾ ਅਤੇ ਆਪਣੇ ਨਾਮ ਦੇ ਅੱਗੇ ਸ਼ਾਸਤਰੀ ਜੋੜ ਦਿੱਤਾ। ਇਸ ਤੋਂ ਬਾਅਦ ‘ਸ਼ਾਸਤਰੀ’ ਸ਼ਬਦ ‘ਲਾਲ ਬਹਾਦਰ’ ਦੇ ਨਾਂ ਦਾ ਸਮਾਨਾਰਥੀ ਬਣ ਗਿਆ।

ਸਿੱਖਿਆ

ਭਾਰਤ ਵਿਚ ਬ੍ਰਿਟਿਸ਼ ਸਰਕਾਰ ਦੇ ਖਿਲਾਫ ਮਹਾਤਮਾ ਗਾਂਧੀ ਦੀ ਅਗਵਾਈ 'ਚ ਨਾ-ਮਿਲਵਰਤਣ ਅੰਦੋਲਨ ਦਾ ਇਕ ਕਾਰਕੁਨ ਲਾਲ ਬਹਾਦਰ ਥੋੜ੍ਹੇ ਸਮੇਂ ਲਈ (1921) ਜੇਲ੍ਹ ਗਿਆ। ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਕਾਸ਼ੀ ਵਿਦਿਆਪੀਠ (ਮੌਜੂਦਾ ਮਹਾਤਮਾ ਗਾਂਧੀ ਕਾਸ਼ੀ ਵਿਦਿਆਪੀਠ), ਇਕ ਰਾਸ਼ਟਰਵਾਦੀ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਅਤੇ ਪੋਸਟ ਗ੍ਰੈਜੂਏਟ ਸ਼ਾਸਤਰੀ (ਗ੍ਰੰਥਾਂ ਦੇ ਵਿਦਵਾਨ) ਦੀ ਡਿਗਰੀ ਪ੍ਰਾਪਤ ਕੀਤੀ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਹ ਗਾਂਧੀ ਦੇ ਅਨੁਯਾਈ ਵਜੋਂ ਰਾਜਨੀਤੀ 'ਚ ਵਾਪਸ ਆਏ। ਕਈ ਵਾਰ ਜੇਲ੍ਹ ਗਏ। 1937 ਅਤੇ 1946 ਵਿਚ ਸ਼ਾਸਤਰੀ ਸੂਬਾਈ ਵਿਧਾਨ ਸਭਾ ਲਈ ਚੁਣੇ ਗਏ ਸਨ।

ਵਿਆਹ

1928 ਵਿਚ ਸ਼ਾਸਤਰੀ ਜੀ ਦਾ ਵਿਆਹ ਗਣੇਸ਼ ਪ੍ਰਸਾਦ ਦੀ ਧੀ 'ਲਲਿਤਾ' ਨਾਲ ਹੋਇਆ। ਲਲਿਤਾ ਜੀ ਤੋਂ ਉਨ੍ਹਾਂ ਦੇ 6 ਬੱਚੇ ਸਨ। ਚਾਰ ਪੁੱਤਰ- ਹਰਿਕ੍ਰਿਸ਼ਨ, ਅਨਿਲ, ਸੁਨੀਲ ਅਤੇ ਅਸ਼ੋਕ ਅਤੇ ਦੋ ਧੀਆਂ- ਕੁਸੁਮ ਅਤੇ ਸੁਮਨ। ਉਨ੍ਹਾਂ ਦੇ ਚਾਰ ਪੁੱਤਰਾਂ ਵਿਚੋਂ ਦੋ-ਅਨਿਲ ਸ਼ਾਸਤਰੀ ਅਤੇ ਸੁਨੀਲ ਸ਼ਾਸਤਰੀ ਅਜੇ ਵੀ ਜ਼ਿੰਦਾ ਹਨ, ਬਾਕੀ ਦੋ ਗੁਜ਼ਰ ਚੁੱਕੇ ਹਨ।

ਨਹਿਰੂ ਜੀ ਨਾਲ ਮੁਲਾਕਾਤ

1929 ਵਿਚ ਇਲਾਹਾਬਾਦ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਟੰਡਨ ਜੀ ਨਾਲ 'ਭਾਰਤ ਸੇਵਕ ਸੰਘ' ਦੀ ਇਲਾਹਾਬਾਦ ਇਕਾਈ ਦੇ ਸਕੱਤਰ ਵਜੋਂ ਕੰਮ ਕੀਤਾ। ਇੱਥੇ ਹੀ ਨਹਿਰੂ ਜੀ ਨਾਲ ਉਨ੍ਹਾਂ ਦੀ ਨੇੜਤਾ ਵੀ ਵਧ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਕੱਦ ਲਗਾਤਾਰ ਵਧਦਾ ਗਿਆ, ਜਿਸਦਾ ਸਿੱਟਾ ਉਨ੍ਹਾਂ ਨੂੰ ਨਹਿਰੂ ਕੈਬਨਿਟ 'ਚ ਗ੍ਰਹਿ ਮੰਤਰੀ ਵਜੋਂ ਸ਼ਾਮਲ ਕਰਨਾ ਸੀ। ਉਹ 1951 ਤੱਕ ਇਸ ਅਹੁਦੇ 'ਤੇ ਰਹੇ।

'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ 

ਪਾਕਿਸਤਾਨ ਨਾਲ ਜੰਗ ਦੇ ਸਮੇਂ ਦੇਸ਼ ਵਿਚ ਅਨਾਜ ਦੀ ਭਾਰੀ ਕਮੀ ਸੀ। ਦੇਸ਼ ਦਾ ਮਨੋਬਲ ਵਧਾਉਣ ਲਈ ਸ਼ਾਸਤਰੀ ਜੀ ਨੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਨਾਜ ਦੀ ਕਮੀ ਨਾਲ ਜੂਝ ਰਹੇ ਦੇਸ਼ ਦੀ ਹਾਲਤ ਸੁਧਾਰਨ ਲਈ ਲੋਕਾਂ ਨੂੰ ਕੁਝ ਸਮਾਂ ਭੁੱਖੇ ਰਹਿਣ ਦੀ ਅਪੀਲ ਵੀ ਕੀਤੀ ਸੀ। ਪੂਰੇ ਦੇਸ਼ ਨੇ ਸ਼ਾਸਤਰੀ ਜੀ ਦੀ ਅਪੀਲ ਨੂੰ ਸਵੀਕਾਰ ਕਰ ਲਿਆ।

'ਨਾ ਮਰੋ, ਨਾ ਮਾਰੋ' ਦਾ ਨਾਅਰਾ

"ਨਾ ਮਰੋ, ਨਾ ਮਾਰੋ" ਦਾ ਨਾਅਰਾ "ਕਰੋ ਜਾਂ ਮਰੋ" ਦਾ ਇਕ ਰੂਪ ਸੀ। ਗਾਂਧੀਵਾਦੀ ਸੋਚ ਕਾਰਨ ਮਹਾਤਮਾ ਗਾਂਧੀ ਨੇ ‘ਕਰੋ ਜਾਂ ਮਰੋ’ ਦਾ ਨਾਅਰਾ ਦਿੱਤਾ ਸੀ। ਇਹ ਨਾਅਰਾ ਉਸੇ ਰਾਤ ਦਿੱਤਾ ਗਿਆ ਸੀ ਜਦੋਂ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਇਸ ਨਾਅਰੇ ਦਾ ਹੀ ਅਸਰ ਸੀ ਕਿ ਇਨਕਲਾਬ ਦੀ ਵਿਸ਼ਾਲ ਅੱਗ ਸਾਰੇ ਦੇਸ਼ 'ਚ ਫੈਲ ਗਈ। ਇਸ ਨੂੰ ਅੰਗਰੇਜ਼ ਹਕੂਮਤ ਵਿਰੁੱਧ ਹਿੰਸਕ ਨਾਅਰਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਹ ਨਾਅਰਾ 1942 'ਚ ਲਾਲ ਬਹਾਦੁਰ ਸ਼ਾਸਤਰੀ ਵਲੋਂ ਲਗਾਇਆ ਗਿਆ ਸੀ। ਇਹ ਨਾਅਰਾ ਉਨ੍ਹਾਂ ਲੋਕਾਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਜੋ ਸੈਂਕੜੇ ਸਾਲਾਂ ਤੋਂ ਆਪਣੇ ਦਿਲਾਂ 'ਚ ਗੁੱਸੇ ਨੂੰ ਦਬਾ ਰਹੇ ਸਨ। ਇਕ ਪਾਸੇ ਗਾਂਧੀਵਾਦੀ ਵਿਚਾਰਧਾਰਾ ਅਹਿੰਸਾ ਅਤੇ ਸ਼ਾਂਤਮਈ ਵਿਰੋਧ ਦੇ ਰਾਹ 'ਤੇ ਚੱਲ ਕੇ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਰਾਹ ਸੀ। ਇਸ ਲਈ ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਅਤੇ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਲੜਨਾ ਸਪੱਸ਼ਟ ਤੌਰ 'ਤੇ ਜ਼ਰੂਰੀ ਸੀ। ਇਸ ਤੋਂ ਬਾਅਦ ਸਥਿਤੀ ਨੂੰ ਭਾਂਪਦਿਆਂ ਸ਼ਾਸਤਰੀ ਜੀ ਨੇ ਬੜੀ ਚਲਾਕੀ ਨਾਲ 'ਨਾ ਮਰੋ, ਨਾ ਮਾਰੋ' ਦਾ ਨਾਅਰਾ ਦਿੱਤਾ, ਜੋ ਇਕ ਕ੍ਰਾਂਤੀ ਵਾਂਗ ਸਾਬਤ ਹੋਇਆ।

ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ

1961 'ਚ ਗ੍ਰਹਿ ਮੰਤਰੀ ਦੇ ਪ੍ਰਭਾਵਸ਼ਾਲੀ ਅਹੁਦੇ ਲਈ ਕੀਤੀ ਗਈ। 3 ਸਾਲਾਂ ਬਾਅਦ ਜਦੋਂ ਜਵਾਹਰ ਲਾਲ ਨਹਿਰੂ ਬੀਮਾਰ ਹੋ ਗਏ, ਲਾਲ ਬਹਾਦਰ ਨੂੰ ਬਿਨਾਂ ਕਿਸੇ ਵਿਭਾਗ ਦੇ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਨਹਿਰੂ ਦੀ ਮੌਤ ਤੋਂ ਬਾਅਦ ਉਹ ਜੂਨ 1964 ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸ਼ਾਸਤਰੀ ਜੀ ਦੀ ਭਾਰਤ ਦੀਆਂ ਆਰਥਿਕ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯੋਗ ਨਾ ਹੋਣ ਕਾਰਨ ਆਲੋਚਨਾ ਕੀਤੀ ਗਈ ਸੀ ਪਰ 1965 ਨੂੰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਦੁਸ਼ਮਣੀ ਸ਼ੁਰੂ ਹੋਣ 'ਤੇ ਉਨ੍ਹਾਂ ਨੇ ਦਿਖਾਈ ਦ੍ਰਿੜਤਾ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨਾਲ ਜੰਗ ਵਿਚ ਜਾਣ ਲਈ ਤਾਸ਼ਕੰਦ ਐਲਾਨਨਾਮੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਤਾਸ਼ਕੰਦ ਵਿਚ ਉਨ੍ਹਾਂ ਦੀ ਰਹੱਸਮਈ ਹਲਾਤਾਂ 'ਚ ਮੌਤ ਹੋ ਗਈ।


author

Tanu

Content Editor

Related News