ਮਰੀ ਹੋਈ ਗਾਂ ਨੂੰ ਟਰੈਕਟਰ ਨਾਲ ਘੜੀਸਿਆ, 7 ਸਫਾਈ ਕਾਮੇ ਬਰਖ਼ਾਸਤ
Wednesday, Jul 17, 2024 - 02:59 PM (IST)
ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਇਕ ਮਰੀ ਹੋਈ ਗਾਂ ਨੂੰ ਟਰੈਕਟਰ ਨਾਲ ਬੰਨ੍ਹ ਕੇ ਘੜੀਸਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਨੂੰ 7 ਅਸਥਾਈ ਸਫਾਈ ਕਾਮਿਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਘਟਨਾ ਮਾਲਨਪੁਰ ਨਗਰ ਪੰਚਾਇਤ ਖੇਤਰ 'ਚ ਵਾਪਰੀ। ਸਬ-ਡਿਵੀਜ਼ਨ ਅਧਿਕਾਰੀ ਪਰਾਗ ਜੈਨ ਨੇ ਦੱਸਿਆ ਕਿ ਸੜਕ ਕਿਨਾਰੇ ਮਰੀ ਪਈ ਮਾਂ ਨੂੰ ਵੇਖਣ ਤੋਂ ਬਾਅਦ ਨਗਰ ਨਿਗਮ ਦੇ ਸਫਾਈ ਕਾਮਿਆਂ ਨੇ ਉਸ ਨੂੰ ਟਰੈਕਟਰ ਨਾਲ ਬੰਨ ਦਿੱਤਾ ਅਤੇ ਡੇਢ ਕਿਲੋਮੀਟਰ ਤੱਕ ਘੜੀਸਦੇ ਹੋਏ ਲੈ ਗਏ ਅਤੇ ਉਨ੍ਹਾਂ ਨੇ ਦਫ਼ਨਾਉਣ ਦੀ ਬਜਾਏ ਖੁੱਲ੍ਹੇ ਵਿਚ ਸੁੱਟ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਮਗਰੋਂ ਮੁੱਖ ਨਗਰਪਾਲਿਕਾ ਅਧਿਕਾਰੀ ਯਸ਼ਵੰਤ ਰਾਠੌੜ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨਗਰ ਪੰਚਾਇਤ ਨੇ ਇਕ ਬਿਆਨ ਵਿਚ ਕਿਹਾ ਕਿ ਘਟਨਾ ਸਾਹਮਣੇ ਆਉਣ ਤੋਂ ਬਾਅਦ ਲਾਪ੍ਰਵਾਹੀ ਅਤੇ ਨਿਰਦੇਸ਼ਾਂ ਦੇ ਉਲੰਘਣ ਦੇ ਦੇਸ਼ ਵਿਚ 7 ਅਸਥਾਈ ਕਾਮਿਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਸੋਮਵਾਰ ਸਵੇਰੇ ਨਗਰ ਨਿਗਮ ਦੇ ਸਫਾਈ ਕਾਮੇ ਕਸਬੇ ਦੇ ਬਾਹਰ ਗਵਾਲੀਅਰ-ਇਟਾਵਾ ਨੈਸ਼ਨਲ ਹਾਈਵੇਅ 719 'ਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਮਰੀ ਹੋਈ ਗਾਂ ਦੀ ਲਾਸ਼ ਨੂੰ ਬਾਹਰ ਕੱਢਣ ਲਈ ਟਰੈਕਟਰ-ਟਰਾਲੀ ਲੈ ਕੇ ਪਹੁੰਚੇ। ਮੁਲਾਜ਼ਮਾਂ ਨੇ ਗਾਂ ਦੀ ਲਾਸ਼ ਨੂੰ ਟਰਾਲੀ ਵਿਚ ਨਹੀਂ ਰੱਖਿਆ ਸਗੋਂ ਰੱਸੀ ਨਾਲ ਟਰਾਲੀ ਦੇ ਪਿਛਲੇ ਪਾਸੇ ਬੰਨ੍ਹ ਕੇ ਮਰੀ ਹੋਈ ਗਾਂ ਦੀ ਲਾਸ਼ ਨੂੰ ਖਿੱਚ ਕੇ ਲੈ ਗਏ। ਕਸਬੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਫ਼ਾਈ ਕਾਮਿਆਂ ਨੇ ਜ਼ਮੀਨ ਵਿਚ ਟੋਇਆ ਪੁੱਟ ਕੇ ਲਾਸ਼ ਨੂੰ ਦਫ਼ਨਾਇਆ ਨਹੀਂ ਸਗੋਂ ਸਫ਼ਾਈ ਕਾਮਿਆਂ ਨੇ ਲਾਸ਼ ਨੂੰ ਖੁੱਲ੍ਹੇ ਵਿਚ ਸੁੱਟ ਦਿੱਤਾ।