ਹਰਿਆਣਾ: ਖੇਤਾਂ ’ਚੋਂ ਟੁਕੜਿਆਂ ’ਚ ਮਿਲੀ ਔਰਤ ਦੀ ਲਾਸ਼, ਫੈਲੀ ਸਨਸਨੀ

Wednesday, Dec 14, 2022 - 03:11 PM (IST)

ਰੇਵਾੜੀ- ਦਿੱਲੀ-ਜੈਪੁਰ ਹਾਈਵੇਅ ’ਤੇ ਕਸੋਲਾ ਫਲਾਈਓਵਰ ਨੇੜੇ ਇਕ ਖੇਤ ’ਚੋਂ ਅਣਪਛਾਤੀ ਔਰਤ ਦੀ ਲਾਸ਼ ਦੇ ਟੁਕੜੇ ਮਿਲੇ ਹਨ। ਪੁਲਸ ਨੇ ਦੱਸਿਆ ਕਿ ਇਕ ਕਿਸਾਨ ਨੂੰ ਮੰਗਲਵਾਰ ਦੀ ਰਾਤ ਨੂੰ ਆਪਣੇ ਖੇਤਾਂ ’ਚ ਔਰਤ ਦਾ ਸਿਰ ਅਤੇ ਧੜ ਮਿਲਿਆ ਅਤੇ ਉਸ ਦੇ ਹੱਥ ਅਤੇ ਪੈਰ ਇਕ ਟਰਾਲੀ ਬੈਗ ’ਚ ਭਰੇ ਹੋਏ ਸਨ। ਲਾਸ਼ ਕਰੀਬ 10 ਦਿਨ ਪੁਰਾਣੀ ਲੱਗ ਰਹੀ ਹੈ ਅਤੇ ਇਹ ਸੜ ਰਹੀ ਸੀ। ਪਿੰਡ ਅਸਲਵਾਸ ਦੇ ਵਾਸੀ ਕਿਸਾਨ ਰਾਮਪਾਲ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ ਮੰਗਲਵਾਰ ਦੀ ਰਾਤ ਕਰੀਬ 9 ਵਜੇ ਉਹ ਆਪਣੇ ਸਰ੍ਹੋਂ ਦੇ ਖੇਤ ’ਚ ਗਿਆ ਤਾਂ ਝਾੜੀਆਂ ਵਿਚ ਕਾਲੇ ਰੰਗ ਦਾ ਇਕ ਟਰਾਲੀ ਬੈਗ ਵੇਖਿਆ, ਜਿਸ ਦੇ ਆਲੇ-ਦੁਆਲੇ ਕੁੱਤੇ ਮੰਡਰਾ ਰਹੇ ਸਨ। 

ਕਿਸਾਨ ਰਾਮਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਜਦੋਂ ਮੈਂ ਬੈਗ ਕੋਲ ਗਿਆ ਤਾਂ ਮੈਨੂੰ ਉਸ ’ਚੋਂ ਬਦਬੂ ਆ ਰਹੀ ਸੀ। ਮੈਂ ਬੈਗ ’ਚ ਧਿਆਨ ਨਾਲ ਵੇਖਿਆ ਤਾਂ ਉਸ ਦੇ ਅੰਦਰ ਹੱਥ-ਪੈਰ ਦਿੱਸੇ। ਬੈਗ ਤੋਂ ਕੁਝ ਦੂਰੀ ’ਤੇ ਔਰਤ ਦਾ ਧੜ ਅਤੇ ਸਿਰ ਪਿਆ ਹੋਇਆ ਸੀ। ਰਾਮਪਾਲ ਨੇ ਕਿਹਾ ਕਿ ਮੈਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਅਜਿਹਾ ਲੱਗਾ ਰਿਹਾ ਹੈ ਕਿ ਕਿਸੇ ਵਿਅਕਤੀ ਨੇ ਔਰਤ ਦਾ ਕਤਲ ਕੀਤਾ ਅਤੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਸੁੱਟ ਦਿੱਤਾ। 

ਸੂਚਨਾ ਮਿਲਣ ਮਗਰੋਂ ਪੁਲਸ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਜਾਂਚ ਲਈ ਲਾਸ਼ ਦੇ ਟੁਕੜੇ ਇਕੱਠੇ ਕੀਤੇ। ਕਸੋਲਾ ਥਾਣੇ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-302 (ਕਤਲ) ਅਤੇ 201 (ਅਪਰਾਧ ਦੇ ਸਬੂਤ ਮਿਟਾਉਣ) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਕਸੋਲਾ ਥਾਣੇ ਦੇ ਮੁਖੀ ਮਨੋਜ ਕਾਦਿਆਨ ਨੇ ਕਿਹਾ ਕਿ ਅਸੀਂ ਲਾਸ਼ ਨੂੰ ਮੁਰਦਾਘਰ ’ਚ ਰਖਵਾ ਦਿੱਤਾ ਹੈ ਅਤੇ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਂਚ ਜਾਰੀ ਹੈ ਅਤੇ ਛੇਤੀ ਹੀ ਦੋਸ਼ੀ ਨੂੰ ਫੜਨ ਲਵਾਂਗੇ।


Tanu

Content Editor

Related News