ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੀ ਮੌਤ ਦਾ ਮਾਮਲਾ: ਭੀਮ ਆਰਮੀ ਦੇ 4 ਮੈਂਬਰ ਪਾਣੀ ਦੀ ਟੈਂਕੀ ’ਤੇ ਚੜ੍ਹੇ
Tuesday, Aug 16, 2022 - 03:23 PM (IST)
ਜੈਪੁਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ’ਚ ਇਕ ਅਧਿਆਪਕ ਵਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੀ ਕੁੱਟਮਾਰ ਕਾਰਨ ਮੌਤ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਘਟਨਾ ਦੇ ਵਿਰੋਧ ’ਚ ਜੈਪੁਰ ’ਚ ਭੀਮ ਆਰਮੀ ਦੇ 4 ਮੈਂਬਰ ਮੰਗਲਵਾਰ ਨੂੰ ਪਾਣੀ ਦੀ ਇਕ ਟੈਂਕੀ ’ਤੇ ਚੜ੍ਹ ਗਏ। ਪੁਲਸ ਮੁਤਾਬਕ ਇਹ ਚਾਰੋਂ ਸਰਕਾਰ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਰਾਜਸਥਾਨ : ਪੀਣ ਵਾਲੇ ਪਾਣੀ ਦਾ ਘੜਾ ਛੂਹਣ 'ਤੇ ਟੀਚਰ ਨੇ ਅਨੁਸੂਚਿਤ ਜਾਤੀ ਦੇ ਬੱਚੇ ਨੂੰ ਕੁੱਟਿਆ, ਮੌਤ
ਦੱਸ ਦੇਈਏ ਕਿ ਜਾਲੌਰ ਜ਼ਿਲ੍ਹੇ ’ਚ ਸਕੂਲ ਦੇ ਅਧਿਆਪਕ ਵਲੋਂ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਸੀ। ਦਰਅਸਲ 9 ਸਾਲਾ ਵਿਦਿਆਰਥੀ ਇੰਦੂ ਕੁਮਾਰ ਨੂੰ 20 ਜੁਲਾਈ ਨੂੰ ਸਕੂਲ ’ਚ ਘੜੇ ਨੂੰ ਹੱਥ ਲਾਉਣ ਦੇ ਦੋਸ਼ ’ਚ ਅਧਿਆਪਕ ਨੇ ਕੁੱਟਿਆ ਸੀ। ਉਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਦੋਸ਼ੀ ਅਧਿਆਪਕ ਛੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ ਸਰਕਾਰ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਲਈ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਅਨੁਸੂਚਿਤ ਜਾਤੀ ਸੰਗਠਨ ਮੁਆਵਜ਼ਾ ਰਾਸ਼ੀ ਨੂੰ ਘੱਟ ਦੱਸ ਰਿਹਾ ਹੈ।
ਓਧਰ ਜੋਤੀ ਨਗਰ ਦੀ ਥਾਣਾ ਅਧਿਕਾਰੀ ਸਰੋਜ ਧਾਯਲ ਨੇ ਦੱਸਿਆ ਕਿ ਅਸੀਂ ਭੀਮ ਆਰਮੀ ਦੇ ਮੈਂਬਰਾਂ ਨੂੰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਫੋਨ ਦੇ ਜ਼ਰੀਏ ਸਾਡੇ ਨਾਲ ਸੰਪਰਕ ਵਿਚ ਹਨ। ਉਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਨਾਲ ਗੱਲ ਕਰਵਾਈ ਜਾਵੇ। ਧਾਯਲ ਮੁਤਾਬਕ ਇਹ ਲੋਕ ਪੀੜਤ ਪਰਿਵਾਰ ਲਈ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨਾਗਰਿਕ ਸੁਰੱਖਿਆ ਦੀ ਇਕ ਟੀਮ ਵੀ ਮੌਕੇ ’ਤੇ ਮੌਜੂਦ ਹਨ।