‘ਮਹਾਪੰਚਾਇਤ ਦੀਆਂ ਤਿਆਰੀਆਂ ’ਚ ਦਹੀਆ ਖਾਪ, 20 ਪਿੰਡਾਂ ਨੂੰ ਦਿੱਤੀ ਜ਼ਿੰਮੇਵਾਰੀ’

Saturday, Feb 20, 2021 - 10:50 AM (IST)

‘ਮਹਾਪੰਚਾਇਤ ਦੀਆਂ ਤਿਆਰੀਆਂ ’ਚ ਦਹੀਆ ਖਾਪ, 20 ਪਿੰਡਾਂ ਨੂੰ ਦਿੱਤੀ ਜ਼ਿੰਮੇਵਾਰੀ’

ਸੋਨੀਪਤ (ਦੀਕਸ਼ਿਤ) : ਤਿੰਨੋਂ ਖੇਤੀਬਾੜੀ ਕਾਨੂੰਨਾਂ ਸਬੰਧੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਬਣੇ ਡੈੱਡਲਾਕ ਦੌਰਾਨ ਹਰਿਆਣਾ ਦੇ ਕਿਸਾਨਾਂ ਨੇ ਮਹਾਪੰਚਾਇਤਾਂ ਰਾਹੀਂ ਸਰਕਾਰ ’ਤੇ ਦਬਾਅ ਬਣਾਉਣ ਦਾ ਫੈਸਲਾ ਕੀਤਾ ਹੈ। ਇਸੇ ਸਿਲਸਿਲੇ ਵਿਚ ਕਈ ਮਹਾਪੰਚਾਇਤਾਂ ਹੋ ਚੁੱਕੀਆਂ ਹਨ, ਜਦਕਿ ਅਗਲੀ ਮਹਾਪੰਚਾਇਤ ਸੋਨੀਪਤ ਦੇ ਖਰਖੌਦਾ ਵਿਖੇ 22 ਫਰਵਰੀ ਨੂੰ ਹੋਵੇਗੀ। ਇਸ ਮਹਾਪੰਚਾਇਤ ਦੀ ਪੂਰੀ ਜ਼ਿੰਮੇਵਾਰੀ ਦਹੀਆ ਖਾਪ ਦੀ ਹੋਵੇਗੀ, ਜਿਸ ਦੇ ਲਈ ਖਾਪ ਦੇ ਪ੍ਰਤੀਨਿਧੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸ਼ੁੱਕਰਵਾਰ ਸਿੰਘੂ ਬਾਰਡਰ ’ਤੇ ਦਹੀਆ ਖਾਪ ਦੇ ਪੰਡਾਲ ਵਿਚ ਮੌਜੂਦ ਕਿਸਾਨ ਆਗੂਆਂ ਨੇ ਇਕ ਮੀਟਿੰਗ ਕਰ ਕੇ ਮਹਾਪੰਚਾਇਤ ਨੂੰ ਲੈ ਕੇ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਇਕ ਲੱਖ ਲੋਕਾਂ ਦਾ ਖਾਣਾ ਕੀਤਾ ਜਾਵੇਗਾ ਤਿਆਰ-
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਖਰਖੌਦਾ ਦੇ 10 ਪਿੰਡ ਲੰਗਰ ਦੀਆਂ ਤਿਆਰੀਆਂ ਵਿਚ ਲੱਗਣਗੇ ਤਾਂ ਦੂਜੇ 10 ਪਿੰਡਾਂ ਦੇ ਨੌਜਵਾਨਾਂ ਨੂੰ ਪਾਰਕਿੰਗ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਿਸਾਨਾਂ ਨੇ ਦਾਅਵਾ ਕੀਤਾ ਕਿ ਮਹਾਪੰਚਾਇਤ ਵਿਚ ਇਕ ਲੱਖ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਵੇਗਾ। ਇਸ ਦੇ ਲਈ ਸਮੱਗਰੀ ਇਕੱਠੀ ਕਰ ਲਈ ਗਈ ਹੈ। ਖਾਸ ਗੱਲ ਇਹ ਹੈ ਕਿ ਭੰਡਾਰੇ ਵਿਚ ਕਈ ਤਰ੍ਹਾਂ ਦੇ ਪਕਵਾਨ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਇਕ ਹਜ਼ਾਰ ਵਾਲੰਟੀਅਰਜ਼ ਦੀ ਡਿਊਟੀ ਪ੍ਰਬੰਧ ਨੂੰ ਸੰਭਾਲਣ ਲਈ ਲਾਈ ਗਈ ਹੈ। ਪਾਰਕਿੰਗ ਵਿਚ ਟਰੈਕਟਰ-ਟਰਾਲੀਆਂ ਲਈ ਵੱਖਰੇ ਤੌਰ ’ਤੇ ਪ੍ਰਬੰਧ ਕੀਤੇ ਜਾਣਗੇ। 

26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਪਿੱਛੋਂ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਬੰਦ ਹੋ ਗਈ ਹੈ। ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨ ਆਏ ਦਿਨ ਅੰਦੋਲਨ ਵਿਚ ਵੱਖ-ਵੱਖ ਢੰਗ ਅਪਣਾ ਕੇ ਵਿਰੋਧ ਕਰ ਰਹੇ ਹਨ। ਹੁਣ ਤਕ ਚੱਕਾ ਜਾਮ, ਰੇਲ ਰੋਕੋ ਮੁਹਿੰਮ ਚਲਾਈ ਗਈ ਹੈ। ਨਾਲ ਹੀ ਪਿੰਡਾਂ ਵਿਚ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਕਿਸਾਨ ਮੋਰਚਾ ਦੇ ਪ੍ਰਮੁੱਖ ਨੇਤਾ ਰਾਕੇਸ਼ ਟਿਕੈਤ ਤੋਂ ਇਲਾਵਾ ਕਈ ਵੱਡੇ ਨੇਤਾ ਪਹੁੰਚ ਰਹੇ ਹਨ। ਇਸੇ ਸਿਲਸਿਲੇ ਵਿਚ ਅਗਲੀ ਮਹਾਪੰਚਾਇਤ ਖਰਖੌਦਾ ਵਿਚ 22 ਫਰਵਰੀ ਨੂੰ ਆਯੋਜਿਤ ਕੀਤੀ ਜਾ ਰਹੀ ਹੈ।

ਪਿੰਡਾਂ ’ਚ ਕਰਵਾਈ ਜਾਵੇਗੀ ਮੁਨਾਦੀ-
ਖਾਪ ਨੇਤਾਵਾਂ ਨੇ ਦੱਸਿਆ ਕਿ ਖਰਖੌਦਾ ਦੇ ਹੀ ਨਹੀਂ, ਸਗੋਂ ਰਾਈ, ਸੋਨੀਪਤ, ਗੰਨੌਰ ਤੇ ਗੋਹਾਨਾ ਦੇ ਪਿੰਡਾਂ ਵਿਚ ਵੀ ਮੁਨਾਦੀ ਕਰਵਾ ਕੇ ਮਹਾਪੰਚਾਇਤ ਵਿਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਆਸ-ਪਾਸ ਦੇ ਪਿੰਡਾਂ ਤੋਂ ਵੀ ਕਿਸਾਨ ਮਹਾਪੰਚਾਇਤ ਵਿਚ ਪਹੁੰਚਣਗੇ। ਮੁਨਾਦੀ ਲਈ ਸਰਪੰਚਾਂ, ਨੰਬਰਦਾਰਾਂ ਤੇ ਹੋਰ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਪੰਚ ਨੇ ਦੱਸਿਆ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਕਿਸਾਨਾਂ ਤੋਂ ਇਲਾਵਾ ਬੀਬੀਆਂ ਅਤੇ ਬੱਚਿਆਂ ਲਈ ਠਹਿਰਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਮਹਾਪੰਚਾਇਤ ਵਿਚ ਬੀਬੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


author

Tanu

Content Editor

Related News