ਚੱਕਰਵਾਤੀ ਤੂਫਾਨ ਕਾਰਨ ਗੁਜਰਾਤ ''ਚ ਭਾਰੀ ਬਾਰਸ਼ ਦੀ ਚਿਤਾਵਨੀ

Monday, Jun 10, 2019 - 04:24 PM (IST)

ਚੱਕਰਵਾਤੀ ਤੂਫਾਨ ਕਾਰਨ ਗੁਜਰਾਤ ''ਚ ਭਾਰੀ ਬਾਰਸ਼ ਦੀ ਚਿਤਾਵਨੀ

ਅਹਿਮਦਾਬਾਦ— ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਅਰਬ ਸਾਗਰ 'ਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਅਗਲੇ ਕੁਝ ਦਿਨਾਂ 'ਚ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਖਾਸ ਕਰ ਕੇ ਤੱਟੀਏ ਜ਼ਿਲਿਆਂ 'ਚ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਰਬ ਸਾਗਰ 'ਚ ਬਣੇ ਘੱਟ ਦਬਾਅ ਦੇ ਖੇਤਰ ਦੇ ਗੰਭੀਰ ਚੱਕਰਵਾਦੀ ਤੂਫਾਨ 'ਚ ਬਦਲਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਮਛੇਰਿਆਂ ਨੂੰ ਅਗਲੇ ਕੁਝ ਦਿਨਾਂ 'ਚ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਬੰਦਰਗਾਹਾਂ ਨੂੰ ਖਤਰੇ ਦਾ ਸੰਕੇਤ ਦੇਣ ਨੂੰ ਕਿਹਾ ਗਿਆ ਹੈ। ਰਾਜ ਮੌਸਮ ਵਿਭਾਗ ਦੇ ਨਿਰਦੇਸ਼ ਜਯੰਤ ਸਰਕਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਰਬ ਸਾਗਰ 'ਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ 13 ਅਤੇ 14 ਜੂਨ ਨੂੰ ਸੌਰਾਸ਼ਟਰ ਅਤੇ ਕੱਛ 'ਚ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਅਰਬ ਸਾਗਰ 'ਚ ਬਣਿਆ ਘੱਟ ਦਬਾਅ ਦਾ ਖੇਤਰ ਸੋਮਵਾਰ ਨੂੰ ਕਰੀਬ 31 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ ਵੱਲ ਵਧ ਰਿਹਾ ਹੈ। ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸਵੇਰੇ 8.30 ਵਜੇ ਇਹ ਅਮੀਨੀਦੀਵੀ (ਲਕਸ਼ਦੀਪ) ਤੋਂ ਕਰੀਬ 240 ਕਿਲੋਮੀਟਰ, ਮੁੰਬਈ ਤੋਂ 760 ਕਿਲੋਮੀਟਰ ਅਤੇ ਵੇਰਾਵਲ (ਗੁਜਰਾਤ) ਤੋਂ 930 ਕਿਲੋਮੀਟਰ ਦੂਰ ਸੀ। ਇਸ 'ਚ ਕਿਹਾ ਗਿਆ ਹੈ ਕਿ ਇਸ ਦੇ ਚੱਕਰਵਾਤੀ ਤੂਫਾਨ ਅਤੇ ਉਸ ਤੋਂ ਬਾਅਦ ਗੰਭੀਰ ਚੱਕਰਵਾਤੀ ਤੂਫਾਨ 'ਚ ਬਦਲ ਜਾਣ ਦਾ ਅਨੁਮਾਨ ਹੈ। ਇਸ ਦੇ ਅਗਲੇ 72 ਘੰਟਿਆਂ 'ਚ ਉੱਤਰ-ਪੱਛਮੀ ਉੱਤਰ ਵਲੋਂ ਵਧਣ ਦਾ ਅਨੁਮਾਨ ਹੈ। ਗੁਜਰਾਤ ਅਜੇ ਭਿਆਨਕ ਗਰਮੀ ਦੀ ਲਪੇਟ 'ਚ ਹੈ ਅਤੇ ਅਹਿਮਦਾਬਾਦ ਸਮੇਤ ਪ੍ਰਮੁੱਖ ਸ਼ਹਿਰਾਂ 'ਚ ਵਧ ਤੋਂ ਵਧ ਤਾਪਮਾਨ ਮਈ ਦੇ ਆਖਰੀ ਹਫਤੇ ਤੋਂ ਹੀ 43 ਡਿਗਰੀ ਸੈਲਸੀਅਸ ਤੋਂ ਵਧ ਹੈ।


author

DIsha

Content Editor

Related News