ਬੰਗਾਲ ਦੀ ਖਾੜੀ ’ਚ ਉੱਠਿਆ ਸਮੁੰਦਰੀ ਤੂਫ਼ਾਨ ‘ਹਾਮੂਨ’

Tuesday, Oct 24, 2023 - 11:11 AM (IST)

ਬੰਗਾਲ ਦੀ ਖਾੜੀ ’ਚ ਉੱਠਿਆ ਸਮੁੰਦਰੀ ਤੂਫ਼ਾਨ ‘ਹਾਮੂਨ’

ਭੁਵਨੇਸ਼ਵਰ (ਭਾਸ਼ਾ)- ਬੰਗਾਲ ਦੀ ਖਾੜੀ ’ਚ ਬਣਿਆ ਡਿਪ੍ਰੈਸ਼ਨ (ਜਬਰਦਸਤ ਦਬਾਅ ਵਾਲਾ ਖੇਤਰ) ਸੋਮਵਾਰ ਸ਼ਾਮ ਨੂੰ ਸਮੁੰਦਰੀ ਤੂਫਾਨ ’ਚ ਬਦਲ ਗਿਆ। ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਇਸ ਨਾਲ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ’ਚ ਮੀਂਹ ਪਏਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੂਫਾਨ ਨੂੰ ‘ਹਾਮੂਨ’ ਦਾ ਨਾਂ ਦਿੱਤਾ ਗਿਆ ਹੈ। ਇਹ ਨਾਂ ਈਰਾਨ ਨੇ ਰੱਖਿਆ ਹੈ। ‘ਹਾਮੂਨ’ ਸੋਮਵਾਰ ਰਾਤ ਸਮੇ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਦਿਸ਼ਾ ਵੱਲ ਵਧ ਰਿਹਾ ਸੀ।

ਅੱਜ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ’ਚ ਪੈ ਸਕਦੈ ਮੀਂਹ

ਬੀਤੇ 24 ਘੰਟਿਆਂ ’ਚ ਓਡੀਸ਼ਾ ’ਚ ਲਗਭਗ 15 ਐੱਮ. ਐੱਮ. ਮੀਂਹ ਪਿਆ। ਮੌਸਮ ਵਿਭਾਗ ਦੇ ਦਫ਼ਤਰ ਨੇ ਕਿਹਾ ਕਿ ਮੰਗਲਵਾਰ ਨੂੰ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ’ਚ ਮੀਂਹ ਪੈ ਸਕਦਾ ਹੈ। ਮੰਗਲਵਾਰ ਸਵੇਰੇ 8.30 ਵਜੇ ਤੱਕ ਭਦਰਕ, ਕੇਂਦਰਪਾੜਾ ਅਤੇ ਜਗਤਸਿੰਘਪੁਰ ’ਚ ਇਕ-ਦੋ ਥਾਵਾਂ ’ਤੇ ਭਾਰੀ ਮੀਂਹ (7-11 ਸੈਂਟੀਮੀਟਰ) ਪੈਣ ਦੀ ਸੰਭਾਵਨਾ ਹੈ। ਸੋਮਵਾਰ ਸ਼ਾਮ 5.30 ਵਜੇ ‘ਹਾਮੂਨ’ ਓਡੀਸ਼ਾ ਦੇ ਪਾਰਾਦੀਪ ਤੋਂ ਲਗਭਗ 230 ਕਿਲੋਮੀਟਰ ਦੱਖਣ ਅਤੇ ਪੱਛਮੀ ਬੰਗਾਲ ਦੇ ਦੀਘਾ ਤੋਂ 360 ਕਿਲੋਮੀਟਰ ਦੱਖਣ ਵੱਲ ਸੀ। ਸਮੁੰਦਰੀ ਤੂਫਾਨ ਦੇ ਖਤਰੇ ਨੂੰ ਧਿਆਨ ’ਚ ਰਖਦਿਆਂ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਕੇਓਂਝਰ, ਮਯੂਰਭੰਜ ਅਤੇ ਢੇਂਕਨਾਲ ਦੇ ਨਾਲ ਹੀ ਉੱਤਰੀ ਅਤੇ ਦੱਖਣੀ ਸਮੁੰਦਰੀ ਕੰਢਿਆਂ ਵਾਲੇ ਜ਼ਿਲਿਆਂ ’ਚ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। ਮਛੇਰਿਆਂ ਨੂੰ ਡੂੰਘੇ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਓਡੀਸ਼ਾ ਸਰਕਾਰ ਨੇ ਸਾਰੇ ਜ਼ਿਲਾ ਕੁਲੈਕਟਰਾਂ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਹੈ । ਪ੍ਰਸ਼ਾਸਨ ਨੂੰ ਭਾਰੀ ਮੀਂਹ ਦੀ ਸਥਿਤੀ ’ਚ ਨੀਵੇਂ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਲਾਹੌਲ-ਸਪੀਤੀ ਪਿੰਡ ਦੀ ਜ਼ਮੀਨ ਧਸੀ, ਵਸਨੀਕਾਂ ਨੇ ਭੂ-ਵਿਗਿਆਨਕ ਸਰਵੇਖਣ ਦੀ ਕੀਤੀ ਮੰਗ

ਪੱਛਮੀ ਬੰਗਾਲ ਦੇ ਕੁਝ ਜ਼ਿਲਿਆਂ ’ਤੇ ਵੀ ਅਸਰ

ਮੌਸਮ ਵਿਭਾਗ ਨੇ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ, ਕੋਲਕਾਤਾ ਅਤੇ ਦੱਖਣੀ 24 ਪਰਗਨਾ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਬਿਜਲੀ ਡਿਗਣ ਅਤੇ ਦਰਮਿਆਨੇ ਮੀਂਹ ਦੇ ਨਾਲ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। ਸੋਮਵਾਰ ਸ਼ਾਮ 5.30 ਵਜੇ ਸਮੁੰਦਰੀ ਤੂਫਾਨ ਹਾਮੂਨ ਬੰਗਲਾਦੇਸ਼ ਦੇ ਖੇਪੁਪਾਰਾ ਤੋਂ 510 ਕਿਲੋਮੀਟਰ ਦੂਰ ਦੱਖਣ ਵੱਲ ਸੀ। ਹਵਾ ਦੀ ਰਫਤਾਰ ਮੰਗਲਵਾਰ ਸਵੇਰ ਤੱਕ 80-90 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਕੇ 100 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News