ਕਮਜ਼ੋਰ ਪਿਆ ਚੱਕਰਵਾਤ ‘ਫੇਂਗਲ’, ਪੁੱਡੂਚੇਰੀ ’ਚ ਫੌਜ ਨੇ 200 ਲੋਕਾਂ ਨੂੰ ਬਚਾਇਆ
Monday, Dec 02, 2024 - 12:21 AM (IST)
ਪੁੱਡੂਚੇਰੀ/ਚੇਨਈ, (ਭਾਸ਼ਾ)– ਪੁੱਡੂਚੇਰੀ ਕੋਲ ਸ਼ਨੀਵਾਰ ਨੂੰ ਪਹੁੰਚਿਆ ਚੱਕਰਵਾਤ ‘ਫੇਂਗਲ’ ਐਤਵਾਰ ਨੂੰ ਕਮਜ਼ੋਰ ਪੈ ਗਿਆ। ਹਾਲਾਂਕਿ ਇਸ ਕਾਰਨ ਕੇਂਦਰ-ਸ਼ਾਸਤ ਸੂਬੇ ’ਚ ਪਏ ਤੇਜ਼ ਮੀਂਹ ਦਾ ਆਮ ਜਨਜੀਵਨ ’ਤੇ ਕਾਫੀ ਅਸਰ ਪਿਆ ਅਤੇ ਹੜ੍ਹਗ੍ਰਸਤ ਸੜਕਾਂ ’ਤੇ ਫਸੇ ਲੋਕਾਂ ਕੱਢਣ ਲਈ ਫੌਜ ਨੂੰ ਅੱਗੇ ਆਉਣਾ ਪਿਆ।
ਗੁਆਂਡੀ ਸੂਬੇ ਤਾਮਿਲਨਾਡੂ ਦੇ ਵਿੱਲੁਪੁਰਮ ’ਚ ਵੀ ਮੀਂਹ ਅਤੇ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਜ਼ਿਲੇ ’ਚ ਮੀਂਹ ਨੂੰ ‘ਜ਼ਬਰਦਸਤ’ ਕਰਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਚੇਨਈ ਹਵਾਈ ਅੱਡੇ ’ਤੇ ਸੰਚਾਲਨ ਅੱਧੀ ਰਾਤ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ ਪਰ ਇਸ ਤੋਂ ਪਹਿਲਾਂ ਕਈ ਉਡਾਣਾਂ ਰੱਦ ਕਰਨੀਆਂ ਪਈਆਂ।
ਪੁੱਡੂਚੇਰੀ ’ਚ 46 ਸੈਂਟੀਮੀਟਰ ਮੀਂਹ ਪਿਆ। ਇਸ ਨਾਲ 31 ਅਕਤੂਬਰ 2004 ਦੇ 21 ਸੈਂਟੀਮੀਟਰ ਦਾ ਰਿਕਾਰਡ ਟੁੱਟ ਗਿਆ। ਭਾਰੀ ਮੀਂਹ ਕਾਰਨ ਬਾਹਰੀ ਇਲਾਕੇ ’ਚ ਸਾਰੇ ਰਿਹਾਇਸ਼ੀ ਖੇਤਰ ਪਾਣੀ ਨਾਲ ਭਰ ਗਏ। ਭਾਰਤੀ ਫੌਜ ਨੇ ਫਸੇ ਹੋਏ ਲੋਕਾਂ ਨੂੰ ਇਥੋਂ ਕੱਢਿਆ। ਰੱਖਿਆ ਵਿਭਾਗ ਅਨੁਸਾਰ ਪੁੱਡੂਚੇਰੀ ’ਚ ਕ੍ਰਿਸ਼ਨਾ ਨਗਰ ਸਮੇਤ 3 ਸਥਾਨਾਂ ਤੋਂ ਲੱਗਭਗ 200 ਲੋਕਾਂ ਨੂੰ ਬਚਾਇਆ ਗਿਆ।