ਬੰਗਾਲ ਦੀ ਖਾੜੀ ’ਤੇ ਮੰਡਰਾਇਆ ਚੱਕਰਵਾਤੀ ਤੂਫਾਨ ‘ਮੋਚਾ’ ਦਾ ਖ਼ਤਰਾ
Thursday, May 04, 2023 - 12:49 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ’ਚ ਸਾਲ ਦੇ ਪਹਿਲੇ ਚੱਕਰਵਾਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ’ਚ ਇਕ ਚੱਕਰਵਾਤ ਬਣਨ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ ਅਤੇ ਮਛੇਰਿਆਂ ਅਤੇ ਕਿਸ਼ਤੀਆਂ ਨਾਲ ਜੁੜੇ ਲੋਕਾਂ ਨੂੰ ਇਸ ਖੇਤਰ ’ਚ ਜਾਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਬੰਗਾਲ ਦੀ ਖਾੜੀ ’ਚ ਦੱਖਣ-ਪੂਰਬੀ ’ਚ ਇਕ ਚੱਕਰਵਾਤ ਬਣਨ ਦੀ ਸੰਭਾਵਨਾ ਹੈ।
ਮਹਾਪਾਤਰਾ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 6 ਮਈ ਨੂੰ ਚੱਕਰਵਾਤ ਦੇ ਹਾਲਾਤ ਬਣ ਸਕਦੇ ਹਨ। ਚੱਕਰਵਾਤੀ ਤੂਫਾਨ ਦਾ ਨਾਂ ‘ਮੋਚਾ’ ਰੱਖਿਆ ਜਾਵੇਗਾ। ਯਮਨ ਨੇ ਲਾਲ ਸਾਗਰ ਦੇ ਤੱਟ ’ਤੇ ਸਥਿਤ ਆਪਣੇ ਬੰਦਰਗਾਹ ਸ਼ਹਿਰ ‘ਮੋਚਾ’ ਦੇ ਨਾਂ ’ਤੇ ਚੱਕਰਵਾਤ ਦਾ ਇਹ ਨਾਂ ਸੁਝਾਇਆ ਹੈ। ਮਹਾਪਾਤਰਾ ਨੇ ਕਿਹਾ ਕਿ ਮੌਸਮ ਪ੍ਰਣਾਲੀ 8 ਮਈ ਨੂੰ ਘੱਟ ਦਬਾਅ ਵਾਲੇ ਖੇਤਰ ’ਚ ਕੇਂਦਰਿਤ ਹੋਣ ਅਤੇ 9 ਮਈ ਨੂੰ ਇਕ ਚੱਕਰਵਾਤ ਦੇ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫਾਨ ਦੇ ਮੱਧ ਬੰਗਾਲ ਦੀ ਖਾੜੀ ਵੱਲ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ਅਸੀਂ ਚੱਕਰਵਾਤ ਨੂੰ ਲੈ ਕੇ ਪੂਰਵ ਅਨੁਮਾਨ ਜਾਰੀ ਕਰ ਰਹੇ ਹਾਂ ਤਾਂ ਜੋ ਮਛੇਰੇ ਅਤੇ ਸ਼ਿਪਿੰਗ ਨਾਲ ਜੁੜੇ ਲੋਕ ਇਸ ਅਨੁਸਾਰ ਆਪਣੀ ਯੋਜਨਾ ਬਣਾ ਸਕਣ। ਉਨ੍ਹਾਂ ਮਛੇਰਿਆਂ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ ’ਚ ਨਾ ਜਾਣ ਦੀ ਅਪੀਲ ਕੀਤੀ, ਕਿਉਂਕਿ ਇਸ ਖੇਤਰ ’ਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।