ਚੱਕਰਵਾਤੀ ਤੂਫਾਨ 'ਅਮਫਾਨ': NDRF ਨੇ ਓਡੀਸ਼ਾ ਤੇ ਪੱਛਮੀ ਬੰਗਾਲ 'ਚ ਤਾਇਨਾਤ ਕੀਤੀਆਂ 17 ਟੀਮਾਂ

Sunday, May 17, 2020 - 06:25 PM (IST)

ਚੱਕਰਵਾਤੀ ਤੂਫਾਨ 'ਅਮਫਾਨ': NDRF ਨੇ ਓਡੀਸ਼ਾ ਤੇ ਪੱਛਮੀ ਬੰਗਾਲ 'ਚ ਤਾਇਨਾਤ ਕੀਤੀਆਂ 17 ਟੀਮਾਂ

ਨਵੀਂ ਦਿੱਲੀ-ਚੱਕਰਵਾਤ ਤੂਫਾਨ 'ਅਮਫਾਨ' ਦੇ ਖਤਰੇ ਦੀ ਸੰਭਾਵਨਾ ਦੌਰਾਨ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ (ਐੱਨ.ਡੀ.ਆਰ.ਐੱਫ) ਨੇ ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਆਪਣੀਆਂ 17 ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਐੱਨ.ਡੀ.ਆਰ.ਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਨ ਪ੍ਰਧਾਨ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਹੈ ਕਿ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦਫਤਰ ਦੁਆਰਾ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਸੀਂ ਸੂਬਾ ਸਰਕਾਰਾਂ, ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ ਸਬੰਧਿਤ ਸਾਰੇ ਏਜੰਸੀਆਂ ਦੇ ਸੰਪਰਕ 'ਚ ਹਾਂ। 

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਚੱਕਰਵਾਤ 'ਅਮਫਾਨ' ਬੰਗਾਲ ਦੀ ਖਾੜੀ ਤੋਂ ਇਕ ਗੰਭੀਰ ਚੱਕਰਵਾਤੀ ਤੂਫਾਨ 'ਚ ਤਬਦੀਲ ਹੋ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਅਗਲੇ 24 ਘੰਟਿਆਂ 'ਚ ਇਹ ਹੋਰ ਖਤਰਨਾਕ ਚੱਕਰਵਾਤੀ ਤੂਫਾਨ ਬਣ ਸਕਦਾ ਹੈ। ਪ੍ਰਧਾਨ ਨੇ ਕਿਹਾ ਹੈ ਕਿ ਇਸ ਦਾ ਰਸਤਾ ਜ਼ਿਆਦਾਤਰ ਪੱਛਮੀ ਬੰਗਾਲ, ਸਾਗਰ ਦੀਪ ਸਮੂਹ ਅਤੇ ਸੰਭਾਵਿਤ ਬੰਗਲਾਦੇਸ਼ ਵੱਲ ਹੈ ਪਰ ਸਾਨੂੰ ਇਸ ਦੇ ਰਸਤੇ 'ਤੇ ਨੇੜੇ ਤੋਂ ਨਜ਼ਰ ਰੱਖਣੀ ਹੋਵੇਗੀ। ਐੱਨ.ਡੀ.ਆਰ.ਐੱਫ ਨੇ ਪਹਿਲਾਂ ਤੋਂ ਹੀ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਫੋਰਸ ਦੀਆਂ 7 ਟੀਮਾਂ ਪੱਛਮੀ ਬੰਗਾਲ 'ਚ ਤਾਇਨਾਤ ਕੀਤੀ ਗਈਆਂ ਹਨ। ਇਹ ਟੀਮ ਸੂਬੇ ਦੇ 6 ਜ਼ਿਲਿਆਂ ਦੱਖਣੀ 24 ਪਰਗਨਾ, ਉੱਤਰੀ 24 ਪਰਗਨਾ, ਪੂਰਬੀ ਮਿਦਨਾਪੁਰ, ਪੱਛਮੀ ਮਿਦਾਨਪੁਰ, ਹਾਵੜਾ ਅਤੇ ਹੁੰਗਲੀ 'ਚ ਤਾਇਨਾਤ ਹੈ। 10 ਟੀਮਾਂ ਓਡੀਸ਼ਾ ਦੇ 7 ਜ਼ਿਲਿਆਂ-ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਜਾਜਪੁਰ, ਭਦਰਕ , ਬਾਲਾਸੇਰ ਅਤੇ ਮਿਯੂਰਭੰਜ 'ਚ ਤਾਇਨਾਤ ਕੀਤੀ ਗਈ ਹੈ। ਦੱਸ ਦੇਈਏ ਕਿ ਐੱਨ.ਡੀ.ਆਰ.ਐੱਫ. ਦੀ ਇਕ ਟੀਮ 'ਚ ਲਗਭਗ 45 ਕਰਮਚਾਰੀ ਹੁੰਦੇ ਹਨ। 


author

Iqbalkaur

Content Editor

Related News