ਕਾਂਗਰਸ ਦਾ 84ਵਾਂ ਸਮਾਗਮ : ਸਰਦਾਰ ਪਟੇਲ ਨਾਲ ਜੁੜਿਆ ਵਿਸ਼ੇਸ਼ ਪ੍ਰਸਤਾਵ ਪਾਸ

Tuesday, Apr 08, 2025 - 09:05 PM (IST)

ਕਾਂਗਰਸ ਦਾ 84ਵਾਂ ਸਮਾਗਮ : ਸਰਦਾਰ ਪਟੇਲ ਨਾਲ ਜੁੜਿਆ ਵਿਸ਼ੇਸ਼ ਪ੍ਰਸਤਾਵ ਪਾਸ

ਅਹਿਮਦਾਬਾਦ, (ਭਾਸ਼ਾ)– ਕਾਂਗਰਸ ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਕ ਇਕਾਈ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਨੇ ਭਵਿੱਖ ਦੀ ਰੂਪਰੇਖਾ, ਜ਼ਿਲਾ ਕਾਂਗਰਸ ਕਮੇਟੀਆਂ (ਡੀ. ਸੀ. ਸੀ.) ਨੂੰ ਮਜ਼ਬੂਤ ਬਣਾਉਣ ਸਮੇਤ ਸੰਗਠਨ ਦੀ ਮਜ਼ਬੂਤੀ, ਜਵਾਬਦੇਹੀ ਤੈਅ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਤੇ ਵਿਚਾਰਾਂ ਕੀਤੀਆਂ। ਵਿਸਥਾਰਤ ਵਰਕਿੰਗ ਕਮੇਟੀ ਦੀ ਇਸ ਬੈਠਕ ਵਿਚ ਸੈਸ਼ਨ ਨਾਲ ਸਬੰਧਤ ਪ੍ਰਸਤਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਅਹਿਮਦਾਬਾਦ ਦੇ ‘ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਮੈਮੋਰੀਅਲ’ ’ਚ ਆਯੋਜਿਤ ਬੈਠਕ ਵਿਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਜਨਰਲ ਸਕੱਤਰ ਜੈਰਾਮ ਰਮੇਸ਼, ਮੁਕੁਲ ਵਾਸਨਿਕ, ਗੁਜਰਾਤ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਤੇ ਹੋਰ ਕਈ ਸੀਨੀਅਰ ਨੇਤਾ ਸ਼ਾਮਲ ਹੋਏ। ਬੈਠਕ ਵਿਚ ਵਰਕਿੰਗ ਕਮੇਟੀ ਦੇ ਹੋਰ ਮੈਂਬਰ, ਸੂਬਾ ਕਾਂਗਰਸ ਕਮੇਟੀਆਂ ਦੇ ਮੁਖੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਸੂਬਿਆਂ ਦੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹੋਏ।

ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਹੁਣ 9 ਅਪ੍ਰੈਲ ਨੂੰ ਸਮਾਗਮ ਹੋਵੇਗਾ। ਗੁਜਰਾਤ ’ਚ ਪਾਰਟੀ ਦਾ ਇਹ ਸਮਾਗਮ 64 ਸਾਲ ਬਾਅਦ ਹੋ ਰਿਹਾ ਹੈ। ਇਸ ਸਮਾਗਮ ਦਾ ਵਿਸ਼ਾ ‘ਨਿਆਂ ਪੱਥ : ਸੰਕਲਪ, ਸਮਰਪਣ, ਸੰਘਰਸ਼’ ਹੋਵੇਗਾ।

ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮਾਗਮ ਰਾਹੀਂ ਜ਼ਿਲਾ ਕਾਂਗਰਸ ਕਮੇਟੀਆਂ (ਡੀ. ਸੀ. ਸੀ.) ਦੀਆਂ ਸ਼ਕਤੀਆਂ ਵਧਾਉਣ, ਸੰਗਠਨ ਸਿਰਜਣਾ ਦੇ ਕੰਮ ਨੂੰ ਤੇਜ਼ ਕਰਨ, ਚੋਣ ਤਿਆਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦਾ ਫੈਸਲਾ ਕੀਤਾ ਜਾਵੇਗਾ। ਸਮਾਗਮ ਦੇ ਪਹਿਲੇ ਦਿਨ ਸਰਦਾਰ ਵੱਲਭ ਭਾਈ ਪਟੇਲ ਨਾਲ ਜੁੜਿਆ ਇਕ ਵਿਸ਼ੇਸ਼ ਪ੍ਰਸਤਾਵ ਪਾਸ ਕੀਤਾ ਗਿਆ।


author

Rakesh

Content Editor

Related News