ਸ਼੍ਰੀਨਗਰ ''ਚ ਡਿਊਟੀ ''ਤੇ ਤਾਇਨਾਤ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Monday, Jul 20, 2020 - 12:46 PM (IST)

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਇਕ ਕਾਂਸਟੇਬਲ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਸੀ. ਆਰ. ਪੀ. ਐੱਫ. ਦੀ 29ਵੀਂ ਬਟਾਲੀਅਨ ਕੈਂਪ 'ਚ ਦਹਿਸ਼ਤ ਫੈਲ ਗਈ, ਜਦੋਂ ਸ਼ਹਿਰ ਦੇ ਬਾਹਰੀ ਇਲਾਕੇ 'ਚ ਪੰਠਾ ਚੌਕ 'ਚ ਇਕ ਬਾਥਰੂਮ 'ਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਗੋਲੀ ਚੱਲਣ ਦੀ ਆਵਾਜ਼ ਤੋਂ ਤੁਰੰਤ ਬਾਅਦ ਹੋਰ ਪੁਲਸ ਮੁਲਾਜ਼ਮ ਘਟਨਾ ਵਾਲੀ ਥਾਂ ਵੱਲ ਦੌੜੇ ਅਤੇ ਦੇਖਿਆ ਕਿ ਕਾਂਸਟੇਬਲ ਵਿਸ਼ਵਜੀਤ ਦੱਤਾ ਖੂਨ ਨਾਲ ਲਹੂ-ਲੁਹਾਣ ਜ਼ਮੀਨ 'ਤੇ ਡਿੱਗਿਆ ਹੋਇਆ ਸੀ, ਜੋ ਕਿ ਘਟਨਾ ਦੇ ਸਮੇਂ ਡਿਊਟੀ 'ਤੇ ਤਾਇਨਾਤ ਸੀ। ਕਾਂਸਟੇਬਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਂਸਟੇਬਲ ਨੇ ਇਹ ਕਦਮ ਕਿਉਂ ਚੁੱਕਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸੰਬੰਧ ਵਿਚ ਅਗਲੀ ਕਾਰਵਾਈ ਕਰ ਰਹੀ ਹੈ।


Tanu

Content Editor

Related News