1 ਲੱਖ ਚਾਹ ਦੇ ਕੱਪ ਵੇਚ ਕੇ ਬਣ ਗਏ ਕਰੋੜਪਤੀ
Friday, Feb 28, 2025 - 04:12 PM (IST)

ਨੈਸ਼ਨਲ ਡੈਸਕ- ਭਾਰਤ ਵਿਚ ਚਾਹ ਪੀਣ ਦੀ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ। ਹਰ ਸ਼ਹਿਰ, ਗਲੀ ਅਤੇ ਨੁੱਕੜ 'ਤੇ ਚਾਹ ਦੀਆਂ ਦੁਕਾਨਾਂ ਨਜ਼ਰ ਆਉਂਦੀਆਂ ਹਨ। ਇਸ ਦਰਮਿਆਨ ਪ੍ਰਯਾਗਰਾਜ ਵਿਚ ਮਹਾਕੁੰਭ 2025 ਦੌਰਾਨ ਚਾਹ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਆਯੋਜਨ ਵਿਚ ਜਿੱਥੇ ਕਰੋੜਾਂ ਸ਼ਰਧਾਲੂ ਇਸ਼ਨਾਨ ਕਰਨ ਪਹੁੰਚੇ, ਉੱਥੇ ਹੀ ਚਾਹ ਵੇਚਣ ਵਾਲਿਆਂ ਨੂੰ ਜ਼ਬਰਦਸਤ ਮੁਨਾਫਾ ਹੋਇਆ।
ਮਹਾਕੁੰਭ 'ਚ 'ਚਾਹ ਪੁਆਇੰਟ' ਦੀ ਜ਼ਬਰਦਸਤ ਕਮਾਈ
ਮਹਾਕੁੰਭ ਦੌਰਾਨ ਕਈ ਅਸਥਾਈ ਦੁਕਾਨਾਂ ਲੱਗੀਆਂ ਪਰ ਇਸ ਵਿਚੋਂ ਚਾਹ ਪੁਆਇੰਟ ਨਾਮੀ ਚਾਹ ਕੈਫੇ ਨੂੰ ਜ਼ਬਰਦਸਤ ਸਫ਼ਲਤਾ ਮਿਲੀ। ਰਿਪੋਰਟਾਂ ਮੁਤਾਬਕ ਕੰਪਨੀ ਨੇ 1 ਦਿਨ ਵਿਚ ਇਕ ਲੱਖ ਤੋਂ ਵੱਧ ਕੱਪ ਚਾਹ ਵੇਚੇ, ਜਿਸ ਨਾਲ ਬਰਾਂਡ ਦੀ ਲੋਕਪ੍ਰਿਅਤਾ ਹੋਰ ਵਧ ਗਈ।
IPO ਲਿਆਉਣ ਦੀ ਤਿਆਰੀ 'ਚ 'ਚਾਹ ਪੁਆਇੰਟ'
ਮਹਾਕੁੰਭ ਵਿਚ ਜ਼ਬਰਦਸਤ ਵਿਕਰੀ ਮਗਰੋਂ ਚਾਹ ਪੁਆਇੰਟ ਦੇ ਸਹਿ-ਸੰਸਥਾਪਕ ਤਰੁਣ ਖੰਨਾ ਨੇ ਐਲਾਨ ਕੀਤਾ ਹੈ ਕਿ ਕੰਪਨੀ ਮਈ 2025 ਵਿਚ ਸ਼ੇਅਰ ਬਾਜ਼ਾਰ ਵਿਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੋਰੋਨਾ ਮਹਾਮਾਰੀ ਤੋਂ ਬਾਅਦ ਵਾਪਸੀ
ਚਾਹ ਪੁਆਇੰਟ ਦਾ ਬਿਜ਼ਨੈੱਸ ਮਾਡਲ ਕੰਪਨੀ ਦੇ ਮਲਕੀਅਤ ਵਾਲੇ ਸਟੋਰਾਂ 'ਤੇ ਆਧਾਰਿਤ ਹੈ। ਕੰਪਨੀ ਨੂੰ ਕੋਰੋਨਾ ਮਹਾਮਾਰੀ ਦੌਰਾਨ ਭਾਰੀ ਨੁਕਸਾਨ ਹੋਇਆ ਸੀ ਪਰ ਹੁਣ ਇਹ ਤੇਜ਼ੀ ਨਾਲ ਰਿਕਵਰੀ ਕਰ ਰਹੀ ਹੈ ਅਤੇ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।
'ਚਾਹ ਪੁਆਇੰਟ' ਕਿਵੇਂ ਸ਼ੁਰੂ ਹੋਇਆ?
-ਇਸ ਕੰਪਨੀ ਦੀ ਕਹਾਣੀ 2009 'ਚ ਹਾਰਵਰਡ ਦੇ ਪ੍ਰੋਫੈਸਰ ਤਰੁਣ ਖੰਨਾ ਅਤੇ ਉਨ੍ਹਾਂ ਦੇ ਵਿਦਿਆਰਥੀ ਅਮੁਲਿਆ ਸਿੰਘ ਬਿਜਰਾਲ ਨਾਲ ਸ਼ੁਰੂ ਹੋਈ ਸੀ।
-ਇਕ ਦਿਨ ਮੁੰਬਈ ਦੇ ਇਕ ਕੈਫੇ ਵਿਚ ਉਸ ਨੇ ਦੇਖਿਆ ਕਿ ਇਕ ਚਾਹ ਵੇਚਣ ਵਾਲਾ ਗੰਦੇ ਮਾਹੌਲ ਵਿਚ ਪਲਾਸਟਿਕ ਦੇ ਕੱਪਾਂ ਵਿਚ ਚਾਹ ਵੇਚ ਰਿਹਾ ਸੀ। ਫਿਰ ਉਸ ਨੇ ਸੋਚਿਆ ਕਿ ਆਮ ਲੋਕਾਂ ਨੂੰ ਸਾਫ਼-ਸੁਥਰੀ, ਚੰਗੀ ਗੁਣਵੱਤਾ ਅਤੇ ਸਸਤੀ ਚਾਹ ਕਿਵੇਂ ਮੁਹੱਈਆ ਕਰਵਾਈ ਜਾਵੇ।
-2010 ਵਿਚ ਉਸ ਨੇ ਕੋਰਾਮੰਗਲਾ, ਬੈਂਗਲੁਰੂ ਵਿਚ ਪਹਿਲਾ 'ਚਾਹ ਪੁਆਇੰਟ' ਸਟੋਰ ਖੋਲ੍ਹਿਆ।
-ਬੈਂਗਲੁਰੂ ਵਿਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਦਿੱਲੀ, ਮੁੰਬਈ ਅਤੇ ਪੁਣੇ ਵਿਚ ਸਟੋਰ ਖੋਲ੍ਹੇ।
-ਅੱਜ 'ਚਾਹ ਪੁਆਇੰਟ' ਦੇ ਦੇਸ਼ ਭਰ ਵਿਚ 170 ਤੋਂ ਵੱਧ ਸਟੋਰ ਹਨ।
-ਕੰਪਨੀ ਅਗਲੇ ਦੋ ਸਾਲਾਂ ਵਿਚ 300 ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।